ਹੁਣ ਬਹੁਤੀ ਚੂੰ ਚੂੰ ਨਾ ਕਰ ਤੇ ਚੁੱਪ ਕਰ ਕੇ ਇਹ ਰਕਮ ਭਰ ਦੇ। ਐਵੇਂ ਤੇਰੀ ਜਾਨ ਨਹੀਂ ਛੁੱਟਣੀ।
ਪੜ੍ਹਾਈ ਉਸ ਨੂੰ ਕੂਤ ਹੋ ਕੇ ਚੰਬੜੀ ਹੋਈ ਹੈ। ਜਿਸ ਵੇਲੇ ਵੇਖੋ, ਕਿਤਾਬਾਂ ਵਿੱਚ ਹੀ ਸਿਰ ਦਿੱਤਾ ਹੋਇਆ ਹੁੰਦਾ ਸੂ। ਆਪਣੀ ਜਾਨ ਗਾਲ ਲਏਗਾ, ਫਿਰ ਜਣਦਿਆਂ ਨੂੰ ਰੋਵੇਗਾ।
ਉਸ ਨੂੰ ਪ੍ਰੈਸ ਦੀ ਨੌਕਰੀ ਕਾਹਦੀ ਮਿਲੀ ਕਿ ਵਿਚਾਰੇ ਦੀ ਜਾਨ ਕੰਦਲ ਆ ਗਈ। ਹੁਣ ਉਹ ਪਿਉ ਦੀ ਫ਼ੀਮ ਲਈ ਬੱਚਤ ਕਰੇ ਤਾਂ ਕਿੱਥੋਂ, ਫਿਰ ਵੀ ਉਹ ਜਾਨ ਮਾਰਵੀਂ ਮੇਹਨਤ ਕਰਦਾ—ਓਵਰ ਟਾਈਮ ਲਾ ਕੇ ਲਗਦੀ ਵਾਹ ਉਸ ਦਾ ਅਮਲ ਤੋਰਦਾ ਰਿਹਾ ਸੀ।
ਇਹੋ ਜਿਹੇ ਸੰਕਟ ਦੇ ਸਮੇਂ ਜੇ ਦੇਸ਼ ਲਈ ਜਾਨ ਵੀ ਹੂਲਣੀ ਪਏ ਤਾਂ ਸੰਕੋਚ ਨਹੀਂ ਕਰਨਾ ਚਾਹੀਦਾ। ਦੇਸ਼ ਦੀ ਆਜ਼ਾਦੀ ਗੰਵਾ ਕੇ ਦੇਸ਼ ਵਿੱਚ ਵਸਣਾ ਕਾਹਦਾ ਹੋਇਆ।
ਉੱਥੇ ਮੁਸਲਮ ਤੇ ਗੈਰ ਮੁਸਲਮ ਦਾ ਨਾ ਕੇਵਲ ਝਗੜਾ ਹੀ ਨਹੀਂ ਸੀ, ਸਗੋਂ ਇਹ ਕਿ ਉਨ੍ਹਾਂ ਦੀ ਇੱਕ ਦੂਜੇ ਨਾਲ ਮਰਨ ਜੀਣ ਦੀ ਸਾਂਝ ਸੀ-ਆਪਣੇ ਗੁਆਂਢੀ ਦੀ ਖ਼ਾਤਰ ਜਾਨ ਉੱਤੇ ਖੇਡ ਜਾਣਾ, ਖੇਡ ਸਮਝਦੇ ਸਨ-ਉਨ੍ਹਾਂ ਦੀ ਰੋਟੀ ਦੀ ਗਰਾਹੀ ਤੇ ਪਾਣੀ ਦਾ ਘੁੱਟ ਤੀਕ ਸਾਂਝਾ ਸੀ।
ਔਹ ਵੇਖਾਂ, ਆਈ ਨਾ ਓਹੀਓ ਗੱਲ। ਮੈਂ ਆਖਾਂ ਲੋਹੜਾ ਕੀ ਪੈ ਗਿਆ । ਦੁਆ ਨੇ ਤਾਂ ਜਾਦੂ ਦਾ ਅਸਰ ਕਰਨਾ ਸੀ । ਮੈਂ ਜੂ ਕਿਹਾ ਏ ਜ਼ਰੂਰ ਕੋਈ ਨਾ ਕੋਈ ਬਦ-ਪਰਹੇਜ਼ੀ ਹੋਈ ਹੋਵੇਗੀ।
ਪਰਮਾ ਨੰਦ- ਮਾਸੀ ! ਏਹ ਕਿਹੜੀ ਗੱਲੋਂ ਰੋਂਦੀ ਏ ? ਕੌੜੀ- ਮੇਰਾ ਜਾਣੇ ਖੌਸੜਾ ਕਿਹੜੀ ਗੱਲੋਂ ? ਇਕਨਾਂ ਨੂੰ ਵਾਦੀ ਹੁੰਦੀ ਏ ਰੋਣ ਦੀ, ਨਹੀਂ ਤੇ ਮੈਂ ! ਮੇਰੇ ਜਹੀ ਕੋਈ ਹੋ ਕੇ ਦੱਸੇ।
ਤੂੰ ਤਾਂ ਮਥਰਾ ਦੀਆਂ ਕੁੰਜੀਆਂ ਸਾਂਭ ਬੈਠੇ, ਐਧਰ ਗੋਕਲ ਨੂੰ ਵਜ ਗਏ ਜਿੰਦਰੇ ਵੇ ! ਜਾ ਕੇ, ਘਰਾਂ ਵਲ ਮੁੜਨ ਦੀ ਜਾਚ ਭੁਲ ਗਈ, ਨਿਕਲ ਗਿਓਂ ਕਿਹੜੇ ਵਾਰ ਚੰਦਰੇ ਵੇ।
ਨਾਨਕ ਸਿੰਘ ਨਾਵਲਿਸਟ ਦੀ ਦਾੜ੍ਹੀ ਨੂੰ ਜਿਉਂ ਜਿਉਂ ਬੁਢੇਪੇ ਦੀ ਜਾਗ ਲਗਦੀ ਜਾਂਦੀ ਹੈ ਤਿਉਂ ਤਿਉਂ ਕੱਪੜੇ ਵੀ ਚਿੱਟੇ ਪਾਣ ਦੀ ਵਾਦੀ ਪੈ ਗਈ ਹੈ। ਹੁਣ ਇਹ ਸਰੀਰ, ਸ਼ੇਸ਼ਨਾਗ ਵਾਂਗ ਦੁਧਾਲੇ ਸਾਗਰ ਵਿਚ ਪਿਆ ਰਹਿੰਦਾ ਹੈ।
ਸ਼ਾਮ ਸ਼ਾਹ ਇੱਕ ਰਾਤ ਬਾਹਰ ਕਿਸੇ ਦੇ ਘਰ ਗਿਆ ਰੋਟੀ ਖਾਣ। ਸਾਨੂੰ ਪਹਿਲੋਂ ਹੀ ਪਤਾ ਸੀ। ਝੱਟ ਘੋੜੀਆਂ ਕਸ਼ੀਆਂ ਤੇ ਠਾਹਠੇ ਬੰਨ੍ਹ ਕੇ ਜਾ ਵੱਜੇ ਸ਼ਾਹ ਦੇ ਘਰ।
ਜੜ੍ਹੀ ਤੇਲ ਕਿਉਂ ਆਪਣੀ ਦੇ ਰਹੇ ਹੋ ? ਕੁਝ ਨਹੀਂ ਸੌਰਨਾ ਘਰ ਦੀ ਲੜਾਈ ਦੇ ਵਿਚ, ਖੰਡ ਖਾਇ ਕੇ ਅੰਤ ਨੂੰ ਵਸਣਾ ਜੇ, ਦੋਹਾਂ ਏਸੇ ਖੁਦਾ ਦੀ ਖੁਦਾਈ ਦੇ ਵਿਚ।
ਰਾਜੇ ਦੇ ਹੁਕਮ ਅਨੁਸਾਰ ਉਸ ਦਾ ਜਣਾ ਬੱਚਾ ਘਾਣੀ ਪਿੜਾ ਦਿੱਤਾ ਗਿਆ ਤੇ ਉਸ ਦੀ ਜੜ੍ਹ ਮੇਖ ਪੁੱਟ ਦਿੱਤੀ ਗਈ।