ਹਜ਼ਾਰ ਰੁਪਏ ਦੀ ਪ੍ਰਾਪਤੀ ਵਾਲੀ ਗੱਲ ਸੁਣ ਕੇ ਸ਼ਿਆਮਾਂ ਦੇ ਦਿਲ ਨੂੰ ਖੁਸ਼ੀ ਹੋਈ ਜ਼ਰੂਰ, ਪਰ ਕਿੱਥੇ ਸੀ ਉਹ ਰੁਪਿਆ ? ਉਹ ਤਾਂ ਆਉਂਦਿਆਂ ਸਾਰ ਹੀ ਭੂਤਾਂ ਦੇ ਸੱਤੂ ਬਣ ਗਿਆ ਸੀ । ਤੇ ਫਿਰ ਵੀ ਕਰਜ਼ ਦਾ ਦੋ ਤਿਹਾਈ ਹਿੱਸਾ ਅਜੇ ਸਿਰ ਤੇ ਖੜਾ ਸੀ।
ਉਹ ਚੰਗਾ ਭਲਾ ਸਾਰੀ ਗੱਲ ਮੰਨ ਗਿਆ ਸੀ। ਅੱਜ ਪਤਾ ਨਹੀਂ ਉਸ ਅੰਦਰ ਕੀ ਭੂਤਨਾ ਕੁੱਦ ਖੜੋਤਾ ਹੈ । ਮੇਰੀ ਜਾਚੇ ਤੇ ਇਹ ਰਾਮ ਸਿੰਘ ਨੇ ਪੱਟੀ ਪੜ੍ਹਾਈ ਹੈ।
ਸਾਡੀ ਨੂੰਹ ਨੂੰ ਪਕੜ ਸੀ। ਕੱਲ੍ਹ ਭੂਤ ਕੱਢਣ ਵਾਲੇ ਸੰਤਾਂ ਨੂੰ ਬੁਲਾਇਆ। ਇੱਕ ਵਾਰੀ ਤੇ ਕੁੰਡਾ ਖੜਕਾ ਨਿਕਲ ਗਿਆ ਹੈ। ਫਿਰ ਦਾ ਪਤਾ ਨਹੀਂ।
ਪੜ੍ਹਾਈ ਉਸ ਨੂੰ ਭੂਤ ਹੋ ਕੇ ਚੰਬੜੀ ਹੋਈ ਹੈ, ਜਿਸ ਵੇਲੇ ਵੇਖੋ, ਕਿਤਾਬ ਵਿੱਚ ਹੀ ਸਿਰ ਦਿੱਤਾ ਹੋਇਆ ਹੁੰਦਾ ਸੂ । ਆਪਣੀ ਜਾਨ ਗਾਲ ਲਵੇਗਾ।
ਉਸ ਦਾ ਇਰਾਦਾ ਵਿਹਲੇ ਰਹਿ ਕੇ ਕੁਝ ਸਮੇਂ ਆਰਾਮ ਕਰਨ ਦਾ ਸੀ। ਇਮਤਿਹਾਨ ਦਾ ਭੂਤ ਹੁਣ ਉੱਤਰ ਗਿਆ ਸੀ। ਉਹ ਆਪਣੇ ਆਪ ਨੂੰ ਕੁਝ ਅਰਸੇ ਲਈ ਆਜ਼ਾਦ ਰੱਖਣਾਂ ਚਾਹੁੰਦਾ ਸੀ।
ਚੁੱਪ ਨੀ ਚੁੱਪ ! ਭਰਾ ਨੂੰ ਵੇਖ ਕੇ ਭੂਏ ਨਾ ਚੜ੍ਹਦੀ ਜਾਹ ਬਹੁਤੀ, ਜ਼ਬਾਨ ਚਲਦੀ ਏ ਕੈਂਚੀ ਵਾਂਗ। ਕੁਝ ਸ਼ਰਮ ਕਰ, ਹਯਾ ਕਰ; ਥਾਨੋਂ ਈ ਨਾਂ ਲੋਈ ਲਾਹ ਦੇ।
ਅਖੀਰ ਜਦ ਇੱਥੇ ਆ ਕੇ ਤੁਹਾਨੂੰ ਡਿੱਠਾ ਤਾਂ ਮੇਰੀਆਂ ਭੁੱਬਾਂ ਨਿਕਲ ਗਈਆਂ। ਇਸ ਆਖਰਾਂ ਦੀ ਠੰਢ ਤੇ ਮੀਂਹ ਝੱਖੜ ਵਿੱਚ ਤੁਹਾਨੂੰ ਤੰਬੂਓਂ ਬਾਹਰ ਬੇਹੋਸ਼ ਪਏ ਵੇਖਿਆ।
ਤੁਹਾਡੀਆਂ ਸਕੀਮਾਂ ਸੁਣ ਕੇ ਮੈਨੂੰ ਇਉਂ ਜਾਪਦਾ ਹੈ ਜਿਵੇਂ ਤੁਸੀਂ ਭੁੰਨੇ ਤਿੱਤਰ ਉਡਾਉਣ ਦੇ ਆਹਰ ਵਿੱਚ ਲੱਗੇ ਹੋਏ ਹੋ। ਇਹ ਤੇ ਪਾਗਲਾਂ ਵਾਲੀਆਂ ਗੱਲਾਂ ਹਨ।
ਇਸ ਨਿੱਕੀ ਜਿਹੀ ਅਸਫਲਤਾ ਕਰਕੇ ਤੂੰ ਭੁੰਜੇ ਲੱਥ ਗਿਆ ਹੈਂ। ਹੋਸ਼ ਕਰ, ਸਾਰੀ ਜੁੰਮੇਵਾਰੀ ਤੇਰੇ ਉੱਤੇ ਹੈ। ਤਕੜਾ ਹੋ ਕੇ ਕੰਮ ਸ਼ੁਰੂ ਕਰ। ਰੱਬ ਸਫਲਤਾ ਦੇਵੇਗਾ।
ਰੱਬ ਦੀ ਕੁਦਰਤ ਹੈ ! ਕਈਆਂ ਦੇ ਭੁੱਜੇ ਦਾਣੇ ਵੀ ਪਏ ਉੱਗਦੇ ਹਨ ਪਰ ਕਈਆਂ ਨੂੰ ਆਪਣੀ ਖੂਨ ਪਸੀਨੇ ਦੀ ਮਿਹਨਤ ਦਾ ਫਲ ਵੀ ਨਹੀਂ ਮਿਲਦਾ।
ਉਸ ਦੇ ਖਿਆਲ ਵਿੱਚ ਜੋ ਕੁਝ ਆਇਆ-ਉਸ ਦੀਆਂ ਅੱਖਾਂ ਅੱਗੋਂ ਜੇਹੜਾ ਕਲਪਤ ਦ੍ਰਿਸ਼ ਲੰਘਿਆ, ਉਸਨੇ ਜਗਤ ਸਿੰਘ ਦੇ ਦਿਮਾਗ਼ ਵਿੱਚ ਭੁਚਾਲ ਜਿਹਾ ਲੈ ਆਂਦਾ। ਉਸ ਨੂੰ ਛੱਤ ਆਪਣੇ ਸਿਰ ਤੇ ਡਿੱਗਦੀ ਮਲੂਮ ਹੋਣ ਲੱਗੀ।
ਭੁੰਗ ਭੁੰਗ ਕੇ ਖਾਣ ਵਾਲੀ ਗੱਲ ਹੈ, ਪੱਲੇ ਤੇ ਇਸ ਵੇਲੇ ਇੱਕ ਪੈਸਾ ਨਹੀਂ।