ਬਿੱਲੀ ਨੂੰ ਚੂਹਿਆਂ ਦੇ ਸੁਪਨੇ । ਤੈਨੂੰ ਕੰਵਾਰੇ ਨੂੰ ਤਾਂ ਹਰ ਵੇਲੇ ਵਿਆਹ ਹੀ ਸੁੱਝਦਾ ਹੈ।
ਉਹ ਮੰਗਤਾ ਛੇਤੀ ਬੋਲ ਉੱਠਿਆ- “ਬਾਬਾ ਮੈਂ ਤਾਂ ਭਿੱਖਿਆ ਮੰਗਦਾ ਹਾਂ । ਘਰ ਵਾਲੀ ਨਹੀਂ ਮੰਗਦਾ । ਮੈਂ 'ਬਿੱਲੀ ਦੇ ਬੁਰਕੇ ਸ਼ੇਰ ਨਹੀਂ" ਹਾਂ।
ਮੁਨਸ਼ੀ ਜੀ : ਮੇਰੀ ਤਬੀਅਤ ਨਹੀਂ ਠੀਕ। ਕੋਈ ਹੋਰ ਤਾਰੀਖ਼ ਦੇ ਦਿਓ । ਨਾਲੇ ਕੀ ਪਤਾ ਜੇ ਇਸ ਉਧਾਲੇ ਵਿੱਚੋਂ ਅਜੇ ਹੋਰ ਕਿੰਨੇ ਕੁ ਉਧਾਲੇ ਨਿਕਲਨੇ ਨੇ । 'ਬਿੱਲੀ ਦੇ ਬਲੂੰਗੜੇ ਸੱਤ ਘਰ ਫਿਰ ਕੇ ਹੀ ਅੱਖਾਂ ਖੋਲ੍ਹਦੇ ਨੇਂ । ਏਥੇ ਦੀਆਂ ਬੁੱਢੀਆਂ ਜਾਪਦਾ ਏ ਸੱਤ ਘਰ ਫਿਰ ਕੇ ਅਰਾਮ ਨਾਲ ਵਸਦੀਆਂ ਨੇ ।
ਚੌਧਰੀ ! ਮੈਂ ਤਾਂ ਤੁਹਾਨੂੰ ਇਸ ਉਲਝਣ ਵਿੱਚੋਂ ਨਿਕਲਣ ਦਾ ਢੰਗ ਦੱਸਿਆ ਹੈ, ਪਰ ਤੁਸੀਂ ਨਖਰਾ ਕਰਦੇ ਹੋ। ਮੈਨੂੰ ਕੀ ? ਕੀ ਜਦ 'ਬਿੱਲੀ ਦੁੱਧ ਪੀ ਜਾਊ ਤਾਂ ਜੰਦਰੇ ਵੱਜਣਗੇ ?
ਤੁਸੀਂ ਆਪ ਗਲਤੀ ਕੀਤੀ ਹੈ। ਹਰਨਾਮ ਨੂੰ ਇਹ ਥਾਂ ਦੇਣੀ ਹੀ 'ਬਿੱਲੀ ਦੁੱਧ ਦੀ ਰਾਖੀ' ਬਿਠਾਣ ਵਾਲੀ ਗੱਲ ਸੀ।
ਫੇਰ ਕੀ ਹੋਇਆ 'ਬਿੱਲੀ ਖਾਵੇਗੀ ਨਾ ਤਾਂ ਰੋੜ੍ਹ ਤਾਂ ਦੇਵੇਗੀ'। ਆਪ ਤਾਂ ਉਸ ਨੂੰ ਇਸ ਸੌਦੇ ਵਿੱਚੋਂ ਕੁਝ ਲੱਭਣਾ ਨਹੀਂ, ਦੂਜਿਆਂ ਦਾ ਨੁਕਸਾਨ ਤਾਂ ਕਰ ਦਏਗਾ।
ਸੱਸ, ਸਹੁਰਾ ਚੰਗੇ ਹਨ । ਹੋਰ ਵੀ ਕੋਈ ਟੱਬਰ ਦਾ ਜੀਅ ਕਿਸੇ ਨੂੰ ਦੁਖਾਂਦਾ ਨਹੀਂ । ਉੱਥੇ ਤਾਂ 'ਬਿੱਲੀ ਦਾ ਕੰਨ ਵੀ ਤੱਤਾ ਨਹੀਂ" ਹੋਣ ਦੇਂਦੇ !
ਮੇਰੀਆਂ ਸਿਖਾਈਆਂ ਮੇਰੇ ਹੀ ਪੇਸ਼ ? ਅਖੇ 'ਬਿੱਲੀ ਸੀਂਹ ਪੜ੍ਹਾਇਆ, ਸ਼ੀਂਹ ਬਿੱਲੀ ਨੂੰ ਖਾਉਣ ਆਇਆ' ?
ਕੀ ਤੁਸਾਡੀ ਵੀਚਾਰ ਹੈ ਕਿ ਹਕੂਮਤ ਆਪੇ ਹੀ ਸ਼ਰਨਾਰਥੀਆਂ ਦੇ ਦੁੱਖਾਂ ਨੂੰ ਦੂਰ ਕਰ ਦੇਵੇਗੀ ? ਇਹ ਨਹੀਂ ਜੇ ਹੋਣਾ । 'ਬਿਨਾਂ ਰੋਇਆਂ, ਮਾਂ ਵੀ ਦੁੱਧ ਨਹੀਂ ਦਿੰਦੀ । ਸਾਨੂੰ ਮਿਲਕੇ ਬਾਨ੍ਹਣੂੰ ਬੰਨ੍ਹਣਾ ਚਾਹੀਦਾ ਹੈ।
ਤੁਸੀਂ ਚੁੱਪ ਕਰਕੇ ਸੁਣੀ ਜਾਓ ! 'ਬਿਨਾਂ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ ਹੁੰਦਾ ਹੈ'। ਆਪਣੇ ਵਿੱਚ ਅਨੰਦ ਲਓ।
ਬਿਨੁ ਰਾਸੀ ਕੋ ਵਥੁ ਕਿਉਂ ਪਾਏ । ਮਨਮੁਖ ਭੂਲੇ ਲੋਕ ਸਬਾਏ ।
ਮਨਮੁਖਿ ਭਰਮਿ ਭੂਲੈ ਸੰਸਾਰ ।। ਬਿਨ ਰਾਸੀ ਕੂੜਾ ਕਰੇ ਵਾਪਾਰੁ ॥