ਰਾਮ ਸੱਚਾ ਹੈ । ਇਹ ਕਿਵੇਂ ਹੋਵੇ ਕਿ ਇਕ ਤਾਂ ਸ਼ਾਹ ਜ਼ੁਲਮ ਕਰੀ ਜਾਵੇ ਤੇ ਨਾਲ ਇਹ ਚਾਹੇ ਕਿ ਉਸ ਦੇ ਜ਼ੁਲਮ ਦੀ ਕਿਧਰੇ ਸ਼ਕਾਇਤ ਵੀ ਨਾ ਹੋਵੇ, ਅਖੇ 'ਜ਼ੋਰਾਵਰ ਮਾਰੇ ਭੀ ਤੇ ਰੋਣ ਵੀ ਨਾ ਦੇਵੇ' ।
ਕਰੀਮ ਬਖ਼ਸ਼-ਸ਼ਾਹ ! ਨਾਈ ਵਿਚਾਰਾ ਸਰਦਾਰਾਂ ਨਾਲ ਮੱਥਾ ਕਿਵੇਂ ਲਾਵੇ ? ਇੱਥੇ ਤਾਂ ਹਰ ਵੇਲੇ 'ਜ਼ੋਰਾਵਰ ਦੀ ਜੁੱਤੀ ਸਿਰ ਤੇ' ਵਾਲਾ ਲੇਖਾ ਬਣਿਆ ਹੋਇਆ ਹੈ।
ਸ਼ਾਂਤੀ- ਧੀਏ ਕੀ ਕਰੀਏ, 'ਜ਼ੋਰਾਵਰ ਦਾ ਸੱਤੀਂ ਵੀਹ ਸੌਂ' । ਜੇ ਦਾਅ ਲੱਗਾ ਅੱਜ ਲਿਖ ਭੇਜਾਂਗੀ।
ਚੰਨਾ, ਜ਼ੋਰ ਥੋੜਾ ਤੇ ਹੁੱਬ ਬਹੁਤੀ' ਵਾਲਾ ਲੇਖਾ ਨਾ ਬਣੇ। ਆਪਣੇ ਵਿੱਤ ਅਨੁਸਾਰ ਹੀ ਕਿਸੇ ਚੀਜ਼ ਦੀ ਚਾਹ ਕੀਤਾ ਕਰ।
ਨਰੈਣ ਦਾਸ-ਕੰਮ ਕਰੋ ਤਾਂ ਕਿਸੇ ਗੱਲ ਦਾ ਘਾਟਾ ਨਹੀਂ, 'ਜੋੜੇ ਹਲ ਤਾਂ ਪਾਏ ਫਲ।
ਹੁਣ ਤਾਂ ਯਾਰੋ, ਸਾਰੇ ਇੱਕੋ ਜੇਹੇ ਹਾਂ, ਕੋਈ ਸਲਾਹ ਸੋਠਾ ਘੜੋ, ਨਿਤ ਨਿਤ ਇਹ ਇਕੱਠ ਕਿਤੇ ਹੋ ਚਲਿਆ ਜੇ, ਅਖੇ 'ਜੋਗੋਂ ਰਲੀ ਜੋਗ, ਇਕ ਨੂੰ ਗਿਲੜ, ਦੂਜੀ ਨੂੰ ਪਾਨਾ ਰੋਗ'।
ਤੁਸੀਂ ਕਿੱਥੋਂ ਨੁਕਸਾਨ ਉਠਾਉਣ ਵਲੇ ਹੋ ? 'ਜੋਗੀ ਭੁਲਾ, ਦੂਣਾ ਲਾਹ' ਤੁਸੀਂ ਤਾਂ ਭੁਲੇਖੇ ਵਿੱਚ ਵੀ ਆਪਣਾ ਹੀ ਲਾਭ ਸੋਚਦੇ ਹੋ।
ਪੰਚ ਸ਼ਾਹ, ਬੋਲ ਚਾਲ ਤਾਂ ਤੇਰੀ ਤੇ ਰੁਲਦੂ ਸ਼ਾਹ ਦੀ ਹੋਈ ਅਤੇ ਰਗੜਿਆ ਗਿਆ ਵਿਚਾਰਾ ਨਿਹਾਲ ਚੰਦ । ਅਖੇ 'ਜੋਗੀ ਜੋਗੀ ਲੜੇ ਤੇ ਖਪਰ ਦਾ ਨੁਕਸਾਨ' । ਉਸ ਵਿਚਾਰੇ ਨੇ ਕਿਸੇ ਦਾ ਕੀ ਵਿਗਾੜਿਆ ਸੀ ?
ਮੇਰੀ ਅਗਲੀ ਭਰਜਾਈ ਤਾਂ ਬੜੀ ਭਲੀ ਲੋਕ ਸੀ, ਬੜੀ ਗਰੀਬਣੀ, ਸਾਦੀ ਤੇ ਸੰਜਮੀ, ਪਰ ਹੁਣ ਤਾਂ 'ਜੋਗਨ ਗਈ ਤੇ ਭੋਗਨ ਆਈ ਵਾਲਾ ਹਿਸਾਬ ਹੈ । ਨਵੀਂ ਵਿਆਂਹਦੜ ਤਾਂ ਬੜਾ ਹੀ ਧਨ ਦਾ ਨਾਸ ਕਰਦੀ ਹੈ।
ਪੋਰਸ- ਜੋਸ਼ ਵਿੱਚ ਹੋਸ਼ ਨਹੀਂ ਰਹਿੰਦੀ। ਕਈ ਵਾਰ ਸੈਨਿਕ ਆਪਸ ਵਿੱਚ ਹੀ ਛਿਤਰ-ਪਤਾਣ ਹੋ ਪੈਂਦੇ ਨੇ। ਵੈਰੀ ਦੇ ਸੂਰਮਿਆਂ ਨੂੰ ਇਹੋ ਜਿਹਾ ਸੁਨਹਿਰੀ ਮੌਕਾ ਹੱਥ ਆ ਜਾਂਦਾ ਏ ।
ਸਰਦਾਰਾ -ਨੱਥੂ ਅੱਜ ਕੱਲ ਦਾ ਸਮਾਂ ਤਾਂ ਜਨਾਨੀਆਂ ਦਾ ਸਮਾਂ ਹੈ । ਜੋ ਰੰਨ ਕਰੇ ਸੋ ਹੋ, ਜੋ ਰੱਬ ਕਰੇ ਸੋ ਹੋ।
ਤੇਰੇ ਵਰਗੇ ਨੇ ਕੀ ਤਰੱਕੀ ਕਰਨੀ ਹੈ। ਨਿਰਾ ਆਲਸੀ ਤੇ ਸੁਸਤ, ਤਰੱਕੀ ਤਾਂ ਉਨ੍ਹਾਂ ਲੋਕਾਂ ਦੇ ਪੈਰ ਚੁੰਮਦੀ ਹੈ ਜਿਹੜੇ ਦਿਨ-ਰਾਤ ਇੱਕ ਕਰਦੇ ਹਨ । ਸੁਣਿਆ ਨਹੀਂ ਜੇ :- ਜੋ ਰਾਤੀਂ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ।