ਖੱਤਰੀਆਂ ਦੀ ਕੀ ਗੱਲ ਕਰਦੇ ਹੋ ? ਖੜ੍ਹੀ ਕੋਈ ਵੀ ਅਜੇਹੀ ਗੱਲ ਨਹੀਂ ਕਰਦਾ ਜਿਸ ਵਿੱਚ ਨਫ਼ਾ ਜਾਂ ਲਾਭ ਨਾ ਹੋਵੇ 'ਜੇ ਖੱਤਰੀ ਸਿਰ ਘੱਟਾ ਪਾਵੇ, ਤਦ ਭੀ ਖੱਤਰੀ ਖੱਟ ਘਰ ਆਵੇ।'
ਰਾਧਾ- ਮਾਈ ਜੀ, ਜੇ ਭਾਗ ਚੰਗੇ ਹੋਣ ਤਾਂ ਪੁੱਠੀਆਂ ਵੀ ਸਿੱਧੀਆਂ ਪੈਣ ਲੱਗ ਜਾਣਗੀਆਂ, 'ਜੇ ਹੋਵਨ ਦਿਨ ਪੱਧਰੇ ਭੁੱਜੇ ਉਗਣ ਮੋਠ।'
ਰਾਜਦੂਤ ਮਹਾਰਾਜ ! 'ਜੇ ਹੋਣ ਸਿਰ ਜੋੜੇ, ਉਨ੍ਹਾਂ ਨੂੰ ਮਾਰਨ ਥੋੜ੍ਹੇ' ਏਕੇ ਵਿੱਚ ਬੜੀ ਬਰਕਤ ਜੇ।
ਅਮੋਲਕ ਸਿੰਘ-ਭਰਾ ਜੀ, ਜੇ ਸੁਖ ਲੋੜਦੇ ਹੋ, ਤਾਂ ਕਿਸੇ ਦੀ ਮੁਥਾਜ਼ੀ ਨਾ ਕਰੋ। ਮੁਥਾਜੀ ਮਾਰ ਦੇਂਦੀ ਹੈ। 'ਜੇ ਸੁਖ ਲੋੜੇ ਆਪਣਾ, ਤਾਂ ਪਾਣੀ ਮੰਗ ਨਾ ਪੀ'।
ਹੁਣ ਛੱਡ ਵੀ ਤਾਂ ਸਹੀ ਉਹਦੀ ਭੁੱਲ ਨੂੰ। ਵਿਚਾਰਾ ਸ਼ਰਮਿੰਦਾ ਹੈ ਤੇ ਪਛਤਾਂਦਾ ਹੈ। ਨਾਲੇ ਸਿਆਣਿਆਂ ਆਖਿਆ ਏ, 'ਜੇ ਸਵੇਰ ਦਾ ਘੁੱਥਾ ਸ਼ਾਮ ਨੂੰ ਘਰ ਆ ਜਾਵੇ ਤਾਂ ਚੰਗਾ ਹੈ'।
ਸਾਡੇ ਗਿਰਾਵਾਂ ਵਿੱਚ ਕਹਿੰਦੇ ਹਨ, 'ਜੇ ਸਜਣ ਬਾਂਹ ਦਏ ਤਾਂ ਪੂਰੀ ਹੀ ਨਹੀਂ ਨਿਗਲ ਜਾਣੀ ਚਾਹੀਦੀ । ਪਰ ਸ਼ਹਿਰੀ ਚੂਹਿਆਂ ਨੂੰ ਇਤਨੀ ਤਮੀਜ਼ ਕਿੱਥੇ ?
ਸੀਤਾ ਆਪਣੇ ਪਤੀ ਨੂੰ ਚੰਗੀ ਲਗਦੀ ਹੈ। ਭਾਵੇਂ ਜਿਵੇਂ ਵੀ ਰਹੇ। 'ਜੇ ਸਹੁ ਭਾਵੇ ਤਾਂ ਸਿਰ ਖੁਲ੍ਹੀ ਪਈ ਆਵੇ । ਸਾਨੂੰ ਤੁਹਾਨੂੰ ਕੀ ?
ਨਿਹਾਲੀ— ਸਤਵੰਤ, ਤੇਰੀ ਰੀਸ ਕੌਣ ਕਰੇ ? ਤੇਰਾ ਤਾਂ ਉਹ ਹਾਲ ਹੈ, ਅਖੇ 'ਜੇ ਸਹੁ ਆਖੇ ਫਿੱਟੇ ਮੂੰਹ, ਤਾਂ ਮੈਂ ਜੀਵੀ', ਪਤੀ ਤੇਰਾ ਭਾਵੇਂ ਤੇਰੀ ਪਰਵਾਹ ਨਾ ਕਰੇ, ਤੂੰ ਉਸ ਦੀਆਂ ਸਿਫ਼ਤਾਂ ਕਰਨੋਂ ਨਹੀਂ ਰੱਜਦੀ ।
ਜੂਠ ਤੇ ਝੂਠ ਦੋਹਾਂ ਪਾਸੋਂ ਹੀ ਬਚ ਕੇ ਰਹਿਣਾ ਚਾਹੀਦਾ ਹੈ । “ਜੂਠ ਮਾਰੇ ਜਾਂ ਝੂਠ ਮਾਰੇ'।
ਤੁਧ ਕੁਲਹਿਣੀ ਪਾਸੋਂ ਹੋਰ ਲੈਣਾ ਹੀ ਕੀ ਹੈ ? 'ਜੂਠ, ਝੂਠ ਤੇ ਪਲੇ ਕੁਪੱਤ' ਇਹੀ ਤੁਹਾਡੀ ਗੱਲ ਹੈ।
ਲਾਲਚ ਹੀ ਮਾੜੇ ਕੰਮਾਂ ਵਿੱਚ ਫਸਾਉਂਦਾ ਹੈ, ਨਹੀਂ ਤਾਂ ਕੋਈ ਮਾੜਾ ਕੰਮ ਕਰੇ ਹੀ ਨਾ । 'ਜੂਠ ਖਾਈਦਾ ਹੈ, ਮਿੱਠੇ ਦੇ ਤ੍ਰਾਣ'।
ਜਸ਼ੋਦਾ ਸੱਚੀ ਏ, ਉਸ ਨੂੰ ਸਹੁਰੇ ਘਰ ਵਾਲੇ ਸਾਰੇ ਰੋਭਾਂ ਮਾਰਦੇ ਨੇ, ਪਰ 'ਜੂਆਂ ਤੋਂ ਡਰਦੇ ਕੱਪੜੇ ਨਹੀਂ ਪਾੜ ਸੁਟੀਦੇ' ਘਰ ਨੂੰ ਛੱਡ ਦੇਣਾ ਉਸ ਲਈ ਬੜੀ ਮੂਰਖਤਾ ਹੋਵੇਗੀ।