ਸਾਰੇ ਜੀਉਂਦਿਆਂ ਦੇ ਮੇਲੇ' ਮੋਏ ਗਏ ਨੂੰ ਹਰ ਕੋਈ ਵਿਸਾਰ ਦੇਂਦਾ ਹੈ।
ਜੀਉਂਦੇ ਜਾਗਦੇ ਮਿੱਟੀ ਦਾ ਬੁੱਤ ਨਾ ਬਣੋ । ਕੁਝ ਹੱਥ ਪੈਰ ਹਿਲਾਓ। ਕੋਈ ਕੰਮ ਧੰਧਾ ਕਰੋ । ਨਹੀਂ ਤਾਂ ਦੁੱਖ ਪਾਓਗੇ।
ਉਸ ਨੇ ਕਦੇ ਕੁਝ ਨਹੀਂ ਬਚਾਇਆ, ਉਸਦਾ ਲੇਖਾ ਤੇ ਇਹ ਹੈ 'ਜੀ ਵੇ ਢਿੱਡਾ ਜੀ, ਤੂੰ ਹੀ ਮੇਰਾ ਪੁਤਰ ਤੂੰ ਹੀ ਮੇਰੀ ਧੀ'।
ਰਾਣੋ- ਅੜੀਏ ! ਗੁੱਸੇ ਹੋਣ ਦੀ ਕਿਹੜੀ ਗੱਲ ਏ ? 'ਜੀ ਕਹਿ ਤੇ ਜੀ ਕਹਾ' । ਤੂੰ ਬੁਰੇ ਬੋਲ ਕਿਉਂ ਬੋਲਣੀ ਏਂ ਜੇ ਅੱਗੋਂ ਆਪ ਨਹੀਂ ਸੁਣਨੇ ਚਾਹੁੰਦੀ।
ਵੀਰ ਜੀ ਬੀਮਾਰੀ ਵਿੱਚ ਗੱਲੀਂ ਕਥੀਂ ਖਿੱਝ ਜਾਂਦੇ ਹਨ। ਕਰਨ ਵੀ ਕੀ ? ਦੁਖੀ ਜੋ ਹੋਏ ਅਖੇ 'ਜੀ ਸੁਖੀ, ਜਹਾਨ ਸੁਖੀ। ਜੀ ਦੁਖੀ, ਜਹਾਨ ਦੁਖੀ।
ਤੇਰਾ ਕੀ ਇਤਬਾਰ ਕਰੀਏ ਤੇ ਕੀ ਤੈਨੂੰ ਆਖੀਏ ! 'ਜਿਨ੍ਹੇ ਲਾਈ ਗੱਲੀ, ਉਸੇ ਨਾਲ ਉੱਠ ਚਲੀ' ਵਾਲਾ ਲੇਖਾ ਹੈ ਤੇਰਾ ਤਾਂ।
ਮੈਨੂੰ ਸਭ ਪਤਾ ਏ । ਮੈਂ ਮੂਰਖ ਨਹੀਂ, ਜਿਨ੍ਹੇ ਸਿਰ ਸੌਂਪਿਆ ਏ, ਕੰਨ ਵੀ ਨਾਲ ਹੀ ਸੌਂਪੇ ਸੂ । ਮੈਂ ਆਪਣੀ ਨਿੰਦਿਆ ਆਪਣੀ ਕੰਨੀ ਸੁਣੀ ਏਂ । ਇਤਬਾਰ ਕਿਵੇਂ ਨਾ ਕਰਾਂ ?
ਪੀਰ ਗਾਲੜ ਸ਼ਾਹ ਵਿੱਚ ਥੋੜ੍ਹੀ ਕਰਾਮਾਤ ਏ ? ਉਸ ਦੀ ਕਬਰ ਨੂੰ ਛੇੜਨ ਵਾਲਾ ਉੱਥੇ ਹੀ ਨਾ ਪੱਥਰ ਬਣ ਜਾਏਗਾ । ਵੇਖੋ ਤਾਂ ਸਹੀ ਗੱਲ ਕੀ 'ਜਿੰਨੇ ਮੂੰਹ ਉਨੀਆਂ ਗੱਲਾਂ।
ਤੁਸੀਂ ਵੀ ਮੂਤਰ ਵਿੱਚੋਂ ਮੱਛੀਆਂ ਫੜਨੀਆਂ ਚਾਹੁੰਦੇ ਹੋ । ਇਹ ਤਾਂ ਸਮਝੋ ਪਈ 'ਜਿਨੂੰ ਪੂਛੋਂ ਫੜ ਉਠਾਇਆ, ਉਸ ਨੇ ਜੋਤਰਾ ਕਦੋਂ ਲਾਇਆ' ? ਕਦੀ ਢਿਲ ਮਿਲ ਯਕੀਨਾਂ ਨੇ ਵੀ ਕੋਈ ਕੰਮ ਸਿਰੇ ਚਾੜ੍ਹਿਆ ਹੈ।
ਕਿਰਪਾ ਸ਼ਾਹ - ਢੇਰ ਖੱਟ ਖਾਧਾ ਇਹਨਾਂ ਪਿੰਡਾਂ ਵਿਚੋਂ, ਜਿੰਨੀ ਨ੍ਹਾਤੀ ਉੱਨਾ ਹੀ ਪੁੰਨ, ਚੋਰ ਲੁਟੇਰੇ, ਭੁੱਖੇ ਚੌਧਰੀ।
ਮਨ-ਫੇਰ ਓਹੀ ਗੱਲ । ਭਾਈ ਹੀਲਾ ਕਰਨ ਨਾਲ ਹੀ ਰਿਜ਼ਕ ਮਿਲਦਾ ਹੈ। ਸਿਆਣੇ ਆਂਹਦੇ ਹਨ 'ਦੱਬ ਕੇ ਵਾਹ ਤੇ ਰੱਜ ਕੇ ਖਾਹ' ਜਿੰਨੀ ਮਿਹਨਤ ਉਨਾ ਫਲ। ਜਿਨੀ ਗੋਡੀ, ਓਨੀ ਡੋਡੀ ।
ਤੇਰੇ ਨਾਲ ਪਿਆਰ ਪਾਉਣ ਦਾ ਕੀ ਸੁਆਦ ? ਤੂੰ ਤਾਂ ਹੋਰਨਾਂ ਨੂੰ ਪਿਆਰ ਕਰਨ ਤੇ ਸਾਡੇ ਨਾਲ ਨਖਰੇ ਦੱਸਣ ਲਗ ਪਈ ਏਂ । "ਜਿਨਾਂ ਸਾਕੀਂ ਸਾਕ, ਸੋਈ ਸਿਆਲਾਂ ਦੇ ਚਾਕ' ਤੇਰੇ ਉਤੇ ਕੀ ਮਾਣ ਕਰੀਏ ?