ਸਾਡੇ ਸਾਹਿਬ ਤਾਂ ਹਰ ਇੱਕ ਨਾਲ ਪਹਿਲਾਂ ਛੇੜ ਛਾੜ ਕਰ ਬਹਿੰਦੇ ਹਨ, ਫਿਰ ਮਿੰਨਤਾਂ ਵੀ ਰੱਜਕੇ ਕਰਦੇ ਹਨ। 'ਦੇਸੋਂ ਮੁਲਕੋਂ ਬਾਹਰੀਆਂ, ਖਾ ਜਵਾਈਆ ਤੁਹਾਰੀਆਂ ਵਾਲਾ ਲੇਖਾ ਹੈ।
ਅਮਰੀਕਾ ਤੋਂ ਵਾਪਸ ਆਇਆ ਰੋਸ਼ਨ ਸਿੰਘ ਜਦ 'ਦੇਸੀ ਟੱਟੂ ਵਲੈਤੀ ਦੁਲੱਤੇ ਵਾਲਾ ਹਿਸਾਬ ਕਰਨ ਲੱਗਾ ਤਾਂ ਸਾਰਿਆਂ ਨੇ ਬੁਰਾ ਮਨਾਇਆ ਅੰਤ ਉਸਨੂੰ ਆਪਣੀ ਮਿੱਟੀ ਦਾ ਹੀ ਆਸ਼ਕ ਹੋਣਾ ਪਿਆ, ਪ੍ਰੋਫੈਸਰ ਪੂਰਨ ਸਿੰਘ ਵਾਂਗੂੰ।
ਕੋਈ ਗੱਲ ਨਹੀਂ, ਪੁੱਤਰ ਹੈ ਧੀ ਤੇ ਨਹੀਂ । 'ਦੇਸ ਚੋਰੀ ਪ੍ਰਦੇਸ ਭਿਖਿਆ" ਜਿੱਥੇ ਵੀ ਗਿਆ ਹੋਵੇਗਾ ਖੱਟੀ ਕਮਾ ਕੇ ਹੀ ਲੈ ਆਵੇਗਾ।
ਘਬਰਾਉਣ ਦੀ ਕੀ ਲੋੜ ਹੈ; ਅੱਜ ਕੱਲ ਤਾਂ ਕੰਮ ਕਰਵਾਉਣਾ ਬੜਾ ਸੌਖਾ ਹੈ, 'ਦੇ ਵਢੀ ਤੇ ਕੰਮ ਕਢੀ' ਵਾਲਾ ਹਿਸਾਬ ਹੈ।
ਗਿੱਦੜ ਨੇ ਉਥੋਂ ਛੇਤੀ ਛੇਤੀ ਖਿਸਕਦਿਆਂ ਕਿਹਾ- ਚੰਗਾ ! ਜਨਾਬ ਤੁਹਾਨੂੰ ਦੂਰੋਂ ਸਲਾਮ ਕਰਦੇ ਹਾਂ । ਅਸੀਂ ਨੇੜੇ ਜਾ ਕੇ ਕੀ ਲੈਣਾ ਹੈ।
ਪ੍ਰੀਤੋ- ਚੁੱਪ ਕਰ ਜਾ। ਘਰੋ ਘਰੀ ਸਭ ਇਹੋ ਅੱਗ ਲਗੀ ਹੋਈ ਆ। ਦੂਰ ਦੇ ਢੋਲ ਸੁਹਾਵਣੇ'।
ਸ਼ਕੁੰਤਲਾ ਸਮਝ ਗਈ ਕਿ ਬਸ ਹੁਣ ‘ਦੂਰ ਸੁਣੀਂਦੇ ਨੇੜੇ ਆਏ'। ਜਿਸਦਾ ਡਰ ਚਿਰਾਂ ਤੋਂ ਸੀ, ਉਹ ਹੋ ਕੇ ਹੀ ਰਹੇ ਹਨ।
ਨਹੁੰਆਂ ਨਾਲੋਂ ਮਾਸ ਨਹੀਂ ਟੁੱਟਦਾ। ਉਹ ਫੇਰ ਵੀ ਬਿਗਾਨੇ । ਪਤਾ ਨਹੀਂ ਕਦੋਂ ਇਕ ਹੋ ਜਾਣ। ‘ਦੂਜੇ ਦੇ ਦਿਲ ਦੀ ਸ਼ਾਹਦੀ ਨਹੀਂ ਦਿੱਤੀ ਜਾਂਦੀ'।
ਆਹੋ ਜੀ ਦੂਜੇ ਦੇ ਥਾਲ ਵਿੱਚ ਲੱਡੂ ਵੱਡਾ ਹੀ ਜਾਪਦਾ ਹੈ, ਤੁਹਾਨੂੰ ਆਪਣਾ ਕਸੂਰ ਤਾਂ ਨਜ਼ਰ ਨਹੀਂ ਆਉਂਦਾ ਪਰ ਉਸ ਵੱਲ ਉਂਗਲਾਂ ਕਰ ਕਰ ਨਹੀਂ ਥੱਕਦੇ।
ਪੰਡਤ ਜੀ ! ਤੁਸੀਂ ਦੂਜਿਆਂ ਦੇ ਔਗੁਣ ਦੱਸਨ ਵਿੱਚ ਸ਼ੇਰ ਹੋ, ਤੁਹਾਨੂੰ 'ਦੂਜੇ ਦੀ ਅੱਖ ਦਾ ਤੀਲਾ ਦਿਸਦਾ ਹੈ, ਪਰ ਆਪਣਾ ਸ਼ਤੀਰ ਵੀ ਨਹੀਂ ਦਿਸਦਾ'। ਕਦੀ ਆਪਣੇ ਔਗੁਣਾਂ ਵੱਲ ਵੀ ਵੇਖਿਆ ਕਰੋ।
ਪੰਚਾ ! ਡਾਕਾ ਪੈਣ ਨਾਲ ਰਾਮੂ ਸ਼ਾਹ ਬਰਬਾਦ ਹੋ ਗਿਆ, ਪਰ ਕਈ ਖੁਸ਼ ਹਨ। ਸਿਆਣਿਆਂ ਨੇ ਸਚ ਕਿਹਾ ਕਿ ‘ਦੂਜੇ ਘਰ ਬਸੰਤਰ ਦੇਵਤਾ, ਘਰ ਲਗੈ ਤਾਂ ਜਾਣੇ'।
ਹਰ ਕੋਈ ਦੂਜੇ ਦੀ ਚੀਜ਼ ਨੂੰ ਬਹੁਤਾ ਹੀ ਮਿਥਦਾ ਹੈ ਤੇ ਆਪਣੀ ਨੂੰ ਥੋੜ੍ਹਾ। ‘ਦੂਏ ਦਾ ਮੋਟਾ ਝੋਟਾ ਤੇ ਆਪਣਾ ਨਿਕਾ ਸੁਕਾ' ਇਹ ਵੀ ਤਾਂ ਇਮਾਨਦਾਰੀ ਨਹੀਂ ?