ਜੇ ਤੁਹਾਡਾ ਜੀ ਕੰਮ ਕਰਨ ਨੂੰ ਨਹੀਂ ਕਰਦਾ ਤਾਂ ਨਾ ਕਰੋ। ਤੰਗ ਹੋਕੇ ਕੀਤਾ ਤਾਂ ਕੀ ਕੀਤਾ। ਫੇਰ ਤਾਂ ਗੱਲ ਉਹੋ ਬਣ ਜਾਂਦੀ ਹੈ ਅਖੇ ‘ਬਕਰੀ ਦੁਧ ਤਾਂ ਦੇਂਦੀ ਹੈ ਪਰ ਮੀਂਗਣਾ ਪਾਕੇ'।
ਉਸਦੇ ਦੁਖੀ ਜੀਵਨ ਪਾਸੋਂ ਤੁਸਾਨੂੰ ਇਹ ਨਾਜਾਇਜ਼ ਫਾਇਦਾ ਨਹੀਂ ਹੀ ਉਠਾਣਾ ਚਾਹੀਦਾ, ਕਿਸੇ ਦੇ ਕਹਿਣ ਵਾਂਗੂ ਅਖੇ 'ਬਕਰਾ ਰੋਵੇ ਸਾਸ ਨੂੰ ਤੇ ਕਸਾਈ ਰੋਵੇ ਮਾਸ ਨੂੰ।'
ਸ਼ਾਹ, ਤੇਰੇ ਵਸ ਨਹੀਂ, ਅਖੇ 'ਬਕਰ ਦਾੜ੍ਹੀ ਸਦਾ ਖੁਆਰੀ'। ਹਰ ਕੋਈ ਕਮਜ਼ੋਰ ਨੂੰ ਲਤਾੜਦਾ ਹੈ, ਤਕੜੇ ਅੱਗੇ ਤਾਂ ਕੋਈ ਬੋਲਦਾ ਵੀ ਨਹੀਂ।
ਬਹੁਤੀ ਘਰੀਂ ਪਰਾਹੁਣਾ ਜਿਉਂ ਰਹਿੰਦਾ ਭੁੱਖਾ। ਸਾਝਾਂ ਥਾਪ ਨ ਰੋਈਐ ਚਿੱਤ ਚਿੱਤ ਨ ਰੁਖਾ।
ਲੰਘਣ ਨੂੰ ਉਮਰ ਕਿਹੜਾ ਹੁਣ ਖਲੋਤੀ ਹੋਈ ਹੈ, ਅਖੇ ਬਹੁਤੀ ਗਈ ਥੋੜੀ ਰਹੀ।
ਬਾਬਾ, ਤੁਸੀਂ ਹੀ ਦੱਸੋ ਕਿ 'ਬਹੁਤਿਆਂ ਦੀਆਂ ਲਾਠੀਆਂ ਇੱਕੋ ਜਣੇ ਦਾ ਭਾਰ' ਤਾਂ ਬਣਨਾ ਹੀ ਹੋਇਆ । ਜੇ ਸਾਰੇ ਥੋੜਾ ਥੋੜਾ ਹਿੱਸਾ ਵਡਾਉਣ ਤਾਂ ਇੰਨੀ ਮੁਸ਼ਕਲ ਨਹੀਂ ਬਣਦੀ।
ਕੋਈ ਚੀਜ਼ ਵੀ ਹੱਦ ਤੋਂ ਬਾਹਰ ਹੋਵੇ ਤਾਂ ਔਖਿਆਂ ਕਰਦੀ ਹੈ । ਹਰ ਗੱਲ ਦੇ ਸੰਜਮ ਵਿਚ ਹੀ ਸੁੱਖ ਹੈ । ‘ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ। ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ'।
ਬਹੁਤਾ ਮੇਲ ਜੋਲ ਵੀ ਖਰਾਬ ਕਰਦਾ ਹੈ । 'ਬਹੁਤਾ ਜਾਈਏ ਤਾਂ ਭਰਮ ਗਵਾਈਏ' ਆਪਣਾ ਆਪਣਾ ਸਭ ਦਾ ਭਰਮ (ਪੜਦਾ, ਮਾਣ) ਬਣਿਆ ਹੀ ਰਹੇ ਤਾਂ ਚੰਗਾ ਹੈ।
ਏਹੁ ਅੰਤੁ ਨਾ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ।।
ਕੀ ਪੁਛਦੇ ਹੋ ਜਿੰਨੇ ਪਲਾਟ ਓਨੇ ਦੁਖ। ਮੀਂਹ ਬਹੁਤਾ, ਕਣੀਆਂ ਘੱਟ। ਜਿੰਨੇ ਬਹੁਤੇ ਪੁਤ, ਓਨੇ ਬਹੁਤੇ ਮਿਹਣੇ । ਠੀਕ ਤਾਂ ਹੈ ਬਹੁਤੇ ਡੂੰਮਾਂ ਵਿਚ ਢੱਡ ਕਿਵੇਂ ਵੱਜੇ ?
ਲਿਖ ਲਿਖ ਪੜ੍ਹਿਆ ਤੇਤਾ ਕੜ੍ਹਿਆ।। ਬਹੁ ਤੀਰਥ ਭਵਿਆ ਤੇਤੇ ਲਵਿਆ ॥
ਉਂਝ ਤਾਂ ਦੇਵੀ ਮਾਤਾ ਦੀ ਦਿਆ ਨਾਲ ਕਿਸੇ ਗੱਲ ਦੀ ਪਰਵਾਹ ਨਹੀਂ। ਰਿਜ਼ਕ ਕਿਤੇ ਮਿਟਿਆਂ ਨਹੀਂ ਮਿਉਂਦਾ, ਪਰ ਫੇਰ ਵੀ ਆਖੀਦਾ ਏ, ‘ਬਹਿਕੇ ਖਾਧਿਆਂ ਤਾਂ ਖੂਹ ਵੀ ਨਿਖੁਟ ਜਾਂਦੇ ਨੇ' ।