ਵੇਖੋ ਕਰਮਾਂ ਦੀ ਗਤੀ ਹੈ। 'ਮਾਂ ਟੁੰਡੀ, ਪਿਓ ਕਾਣਾ, ਪੁੱਤਰ ਮੋਤੀ ਦਾ ਦਾਣਾ'। ਨਹੀਂ ਤਾਂ ਅਜੇਹੀ ਨੇਕ ਔਲਾਦ ਇਨ੍ਹਾਂ ਕੁਪੱਤਿਆਂ ਦੇ ਘਰ ਕਿੱਥੋਂ ਹੋਣੀ ਸੀ ?
ਨਾ ਦੋਹਾਂ ਦਾ ਸੁਭਾ ਮਿਲਦਾ ਸੀ ਨਾ ਸ਼ਕਲ, ਅਕਲ, ਕੱਦ-ਕਾਠ। ਅਜੇਹੇ ਵਿਆਹ ਵਿੱਚੋਂ ਦੁੱਖ ਹੀ ਨਿਕਲਣਾ ਸੀ । ਅਖੇ ਮਾਂ ਟੀਹਣੀ, ਪਿਓ ਕੁਲੰਗ, ਬਚੇ ਨਿਕਲੇ ਰੰਗ ਬਰੰਗ'।
ਜਿਹਾ ਇੱਕ ਭਰਾ, ਤੇਹਾ ਦੂਜਾ । ਫ਼ਰਕ ਕੀ ਹੋਣਾ ਸੀ ? 'ਮਾਂ ਜੇਹੀ ਮਾਸੀ, ਕੰਧ ਐਰੇ ਤੇ ਜਾਸੀ' ਪੁੱਤਰ ਤਾਂ ਇਕੋ ਪਿਉ ਦੇ ਹਨ।
ਤੂੰ ਮੱਦਦ ਕਿਸੇ ਦੀ ਕੀ ਕਰਨੀ ਏ। ਆਪ ਤਾਂ ਤੂੰ ਧੱਕੇ ਖਾਂਦਾ ਫਿਰਦਾ ਏ। ਤੇਰੀ ਤਾਂ ਉਹੋ ਗੱਲ ਏ, ਅਖੇ ਮਾਂ ਗੰਜੀ ਤੇ ਧੀ ਲੈ ਆਵੇ ਕੰਘੀ।
ਕਾਕੀ, ‘ਮਾਂ ਕੋਲੋਂ ਹੇਜਲੀ ਸੋ ਫਫੇਕੂਟਣ'। ਉਸਦਾ ਬਹੁਤ ਹੇਜ ਦੱਸਣਾ ਪਿਆਰ ਦੀ ਨਹੀਂ ਧੋਖੇ ਦੀ ਨਿਸ਼ਾਨੀ ਹੈ। ਮੇਰੇ ਕੋਲੋਂ ਤੈਨੂੰ ਹੋਰ ਕੌਣ ਵਧੀਕ ਪਿਆਰ ਕਰਦਾ ਹੋਵੇਗਾ।
ਪ੍ਰੇਮੀ- ਉਹ ਬੜੀ ਸੋਹਲ ਏ। ਉਹਨੂੰ ਝਿੜਕ ਦਿਓ ਤੇ ਮੂੰਹ ਸੁੱਕ ਕੇ ਸਿੱਪੀ ਹੋ ਜਾਂਦਾ ਏ। ਕਹਿੰਦੇ ਨੇ ਮਾਂ ਕੁਚੱਜੀ ਤੇ ਪੁੱਤਾਂ ਧੀਆਂ ਕੱਜੀ । ਉਹਨੂੰ ਆਪਣਾ ਦੇਹ ਪ੍ਰਾਣ ਜਿੰਦ ਜਾਨ ਸਮਝ ਕੇ ਰੱਖੀਂ ਤੇ ਓਹ ਵੀ ਤੇਰੇ ਪੈਰ ਧੋ ਧੋ ਪੀਉ।
ਅਸਾਂ ਸਮਝਿਆ ਧੀਆਂ ਪੁੱਤਰ ਹੋਣਗੇ ਤਾਂ ਸੁਖਾਲੇ ਹੋਵਾਂਗੇ । ਹੁਣ ਤਾਂ ਉਲਟਾ ਖਰਚ ਹੀ ਨਹੀਂ ਝੱਲਿਆ ਜਾਂਦਾ । ‘ਮਾਂ ਕਹੇ ਪੁੱਤ ਵੱਡਾ ਹੋਵੇ, ਉਮਰ ਘਟਦੀ ਜਾਵੇ' ਵਾਲੀ ਗੱਲ ਢੁਕਦੀ ਹੈ ਸਾਡੇ ਤੇ।
ਨਿਰਮਲ- ਕ੍ਰਿਸ਼ਨਾ ! ਮੈਂ ਕਿਵੇਂ ਮਾਸੀ ਦੀ ਨਨਾਣ ਨੂੰ ਸਮਝਦੀ, ਨਾ ਕਦੇ ਮਿਲੀ ਨਾ ਗਿਲੀ ਓਪਰੀ ਪਛਾਣ ਕਿਸ ਕੰਮ ? ਅਖੇ ਮਾਂ ਹੱਥ ਕੂਲੇ ਨੇ, ਪੁੱਤ ਲਗਣ ਤੇ ਜਾਣੇ।
ਅੰਮੀ ਜੀ ! ਗੱਲ ਤਾਂ ਸਾਰੀ ਹੋਂਦ ਦੀ ਹੈ। ਅਖੇ 'ਮਾਂ ਸਵਾਈ ਮਾਊ ਸੁਖ, ਧੀ ਸਵਾਈ ਧੀਊ ਸੁਖ ਜਿਸ ਪਾਸ ਧਨ ਹੈ ਓਹੀ ਸੁਖੀ ਹੈ ਭਾਵੇਂ ਕੋਈ ਹੋਵੇ।
ਕਰਮਾਂ ਦੀ ਖੇਡ ਹੈ 'ਮਾਂ ਅੱਕ ਰੂੜੀ, ਪਿਉ ਤਾਂਦਲ, ਪੁੱਤਰ ਕੇਸਰ ਦੀ ਜੜ੍ਹ' ਕਿਹੇ ਘਟੀਆ ਘਰ ਵਿਚ ਕਿਹਾ ਵਧੀਆ ਪੁੱਤਰ ਜੰਮਿਆ।
ਇਹ ਸੱਚ ਹੈ ਆਪਣੇ ਸਿਦਕ ਤੇ ਭਰੋਸੇ ਦਾ ਹੀ ਮਨ ਉੱਪਰ ਅਸਰ ਪੈਂਦਾ ਹੈ 'ਅਖੇ ਮੰਨਿਆ ਤਾਂ ਦੇਵ, ਨਹੀਂ ਤਾਂ ਪੱਥਰ।' ਸਭ ਗੱਲ ਆਪਣੇ ਹੀ ਸਮਝਣ ਤੇ ਮੰਨਣ ਦੀ ਹੈ।
ਕਿਸੇ ਕਿਸੇ ਸ਼ਹਿਰ ਨਲਕਿਆਂ ਦਾ ਸਾਫ ਪਾਣੀ ਹੈ। ਨਹੀਂ ਤਾਂ ਖੂਹਾਂ ਦਾ ਪਾਣੀ ਭੀ ਸ਼ਹਿਰਾਂ ਦਾ ਸਾਫ ਨਹੀਂ । ਬਸ ਫੇਰ 'ਮੰਦਾ ਢੱਗਾ ਸਭੇ ਰੋਗ' ਅੰਦਰੋਂ ਤਾਕਤ ਘਟ ਗਈ ਤੇ ਬਾਹਰੋਂ ਬੀਮਾਰੀਆਂ ਹੌਲੇ ਕੀਤੇ।