ਸਰਦਾਰੀਆਂ ਸਰਦਾਰਾਂ ਨਾਲ ਗਈਆਂ । ਹੁਣ ਹਰ ਮਹਾਰਾਜਾ ਗਾਮਾ ਪਿਆ ਬਣ ਕੇ ਬੈਠੇ, ਹੁਣ ਤਾਂ 'ਮੋਇਆਂ ਪਿਛੋਂ ਡੂਮ' ਬਣੇ ਵਾਲਾ ਲੇਖਾ ਹੈ।
ਇਹ ਕਾਹਦਾ ਨੁਕਸਾਨ ਸੀ ? ਫਿਰ ਇਸ ਉਪਰ ਇਤਨਾ ਰੌਲਾ ? ਅਖੇ 'ਮੋਇਆ ਤਾਂ ਗਿਦੜ, ਉਤੋਂ ਲੰਮੇ ਪਏ ਹੌਂਕੇ।'
'ਮੈਰੇ' ਵਿੱਚ ਔਰਤਾਂ ਪਿੱਛੇ ਖੂਨ ਖਰਾਬੇ ਹੁੰਦੇ ਰਹਿੰਦੇ ਹਨ, ਅਤੇ 'ਕਸਾਲੇ' ਦੇ ਠੀਂਗਣੇ ਜਿਹੇ ਲੋਕ ਆਪਣੀ ਜਵਾਨੀ ਦੀ ਮਦ ਵਿਚ ਰਹਿੰਦੇ, ਅਤੇ ਨਾਲ ਦੇ ਕਸ ਵਿਚ ਕੁਸ਼ਤੀਆਂ ਘੁਲਦੇ ਅਤੇ ਕੌਡੀ ਖੇਡਦੇ ਰਹਿੰਦੇ ਹਨ। ਇਸੇ ਲਈ ਆਖਦੇ ਹਨ, 'ਮੈਰਾ ਪਟਿਆ ਰੰਨਾਂ, ਕਸਾਲ ਜਵਾਨੇ ।'
ਦੁਕਾਨ ਉੱਤੇ ਢੇਰ ਰਕਮ ਖਰਚ ਕਰਕੇ ਨਫਾ ਕੁਝ ਵੀ ਨਹੀਂ, ਅਜੇਹੇ ਵਪਾਰ ਨੂੰ ਕੀ ਕਰਾਂ ? ਮੈਹਿ ਚੋਈਏ ਕੁਜੜੇ, ਨਾ ਵਸਦੇ ਨਾ ਉਜੜੇ।
ਸਾਨੂੰ ਗ਼ਰੀਬਾਂ ਨੂੰ ਕਿੰਨ੍ਹੇ ਪੁੱਛਣਾ ਸੀ ਉੱਥੇ ? 'ਮੇਲਾ ਮੇਲੀਆਂ ਦਾ ਪੌਲੀ ਧੇਲੀਆਂ ਦਾ' ਵਾਲਾ ਹਿਸਾਬ ਹਰ ਥਾਂ ਹੁੰਦਾ ਹੈ ।
ਸੁਣਿਆ ਹੈ ਮਾਲਣ ਦੇ ਘਰ ਪੁੱਤ ਜੰਮਿਆ ਹੈ, ਪਰ ਖੁਸ਼ੀ ਨਾਲ ਤੂੰ ਫੁੱਲੀ ਨਹੀਂ ਸਮਾਂਦੀ। ਤੇਰਾ ਤਾਂ ਇਹ ਹਾਲ ਹੈ ਅਖੇ ‘ਮੇਲ ਮਾਨੀ ਤੇ ਭੜਕਣ ਭੁਲਰ'। ਲੋਕਾਂ ਤਾਂ ਹੱਸਣਾ ਆਪੇ ਹੋਇਆ।
ਉਹ ਐਤਕੀਂ ਬੇਕਾਬੂ ਹੋ ਕੇ ਬੋਲਿਆ 'ਕਮਜ਼ਾਤੇ ! ਬੰਦ ਕਰ ਬਕਵਾਸ । ਇਤਨੀ ਦਲੇਰੀ । 'ਮੇਰੀ ਬਿੱਲੀ ਤੇ ਮੈਨੂੰ ਹੀ ਮਿਆਊਂ।' ਤੂੰ ਨਹੀਂ ਜਾਣਦੀ ਇਹ ਘਰ ਕਿਸ ਦਾ ਹੈ ?
ਪਰ ਇਹ ਬਾਲਾਂ ਬੁੱਢਿਆਂ ਦੀਆਂ ਲੜਾਈਆਂ ਹਨ। ‘ਮੂਲੀ ਤੋਂ ਲੜਾਈ, ਗਾਜਰ ਤੋਂ ਮਨੇਵਾ'। ਸੋ ਕੀ ਗੱਲ ਕਰਨੀ ਹੋਈ।
ਕੀ ਕਰੀਏ, ‘ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ'। ਪੁੱਤਰ ਨੂੰ ਮੈਂ ਕਦੀ ਏਨਾਂ ਪਿਆਰ ਨਹੀਂ ਸੀ ਕੀਤਾ, ਜਿੰਨਾਂ ਪੋਤਰਿਆਂ ਨੂੰ ਕਰਦੀ ਹਾਂ।
ਮੱਥੈ ਵਾਲ ਪਛਾੜਿਆ ਵਾਲ ਛਡਾਇਅਨ ਕਿਸਦੈ ਬੁਤੈ । ਮੂਰਖ ਬੀਜੈ ਬੀਉ ਕੁਰੁਤੈ।
ਵੈਰੀ ਮਿਤ੍ਰ ਨ ਸਮਝਈ ਰੰਗ ਸੁਰੰਗ ਕੁਰੰਗ ਅਛੁਪਾ । ਮੂਰਖ ਨਾਲ ਚੰਗੇਰੀ ਚੁਪਾ।
ਅਸਾਂ ਕੁਲਵੰਤ ਸਿੰਘ ਨੂੰ ਟੋਲੀ ਦਾ ਜਥੇਦਾਰ ਬਣਾ ਕੇ ਘੱਲ ਦਿੱਤਾ, ਪਰ ਉਸ ਨੇ ਉੱਥੇ ਵੀ ਲਿੱਦ ਹੀ ਕੀਤੀ। ਸਿਆਣਿਆਂ ਨੇ ਸੱਚ ਕਿਹਾ ਹੈ ਕਿ “ਮੂਰਖ ਦੇ ਸਿਰ ਸਿੰਗ ਨਹੀਂ ਹੁੰਦੇ।" ਉਹ ਆਪਣੀ ਕਰਤੂਤ ਕਰਕੇ ਹੀ ਮੂਰਖ ਜਾਣੇ ਜਾਂਦੇ ਹਨ।