ਕਿਸ ਕਿਸ ਨੂੰ ਮਾਰੋਗੇ ਗੋਲੀ 'ਚੋਰਾਂ ਟੋਲੀ ਇੱਕੋ ਬੋਲੀ।'
ਤੂੰ ਵੀ 'ਚੋਰੋਂ ਕੁਤਬ ਬਨਣਾ ਲੋਚਦਾ ਏਂ' । ਪਰ ਲੋਕਾਂ ਤੋਂ ਤੇਰੀ ਕਿਹੜੀ ਲੁਕੀ ਛੁਪੀ ਹੋਈ ਹੈ ।
ਤੁਸੀਂ ਲਈ ਫਿਰੋ ਆਪਣੀ ਲਿਆਕਤ ਬਜ਼ਾਰ ਵਿਚ। ਕੌਣ ਪੁਛਦਾ ਹੈ ? ਭਾਈ ਕੋਈ ਸਿਫਾਰਸ਼ ਪੁਆ ਕੇ ਕੰਮ ਕੱਢੋ। 'ਚੋਰੀ, ਯਾਰੀ, ਚਾਕਰੀ ਬਾਝ ਵਸੀਲੇ ਨਹੀਂ ।
ਇਵੇਂ ਹੀ ਹੁੰਦਾ ਹੈ, ਅਖੇ ਚੋਰੀ ਦਾ ਗੁੜ ਮਿੱਠਾ, ਪੈਸੇ ਲੱਗੇ ਹੋਣ ਤਦ ਪਤਾ ਲਗਦਾ ਹੈ।
ਓਏ ਮੂਰਖਾ । ਇਹ ਤੂੰ ਕੀ ਕਰਨਾ ਏ ? ਇੱਕ ਚੋਰੀ ਤੇ ਦੂਜੇ ਮੂੰਹ ਜ਼ੋਰੀ। ਉੱਠ, ਆਪਣੇ ਕਸੂਰ ਦੀ ਮੁਆਫੀ ਮੰਗ।
"ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ"। ਥੋੜਾ ਥੋੜਾ ਐਬ ਕਰਦਿਆਂ ਹੀ ਵੱਡੇ ਐਬੀ ਬਣੀਦਾ ਹੈ।
ਕਾਹਲੇ ਕਿਉਂ ਪੈਂਦੇ ਹੋ ? 'ਚੋਰ ਮੁੱਕ ਗਏ ਕਿ ਹਨੇਰਾ ।' ਥੋੜ੍ਹੇ ਦਿਨ ਸਬਰ ਕਰੋ।
ਗੰਡਾ ਸਿੰਘ- ਲੈ ਭਈ ਵੇਖ ਲੈ, 'ਚੋਰ ਨੂੰ ਆਪਣਾ ਈ ਪਾਲਾ ਮਾਰਦੈ'। ਮੋਹਣ ਤੇ ਸੂਬੇਦਾਰ ਨੂੰ ਆਉਂਦਾ ਵੇਖ ਖਿਸਕਿਆ ਜੇ।
ਕਰਮੋਂ—ਨੀ ਖਲੋ ਜਾ ਭੈਣ । ਰਤੀ ਸਾਹ ਲੈ । “ਚੋਰਾਂ ਨਾਲੋਂ ਪੰਡ ਕਾਹਲੀ" ਵਾਲੀ ਗੱਲ ਨਾ ਕਰ।
ਤੇ ਕੀ ਸ੍ਰੀਮਤੀ ਜੀ, ਖਿਮਾ ਕਰਨਾ, ਇਹ ਕਹਾਵਤ ਠੀਕ ਹੈ ਕਿ ਚੋਰ ਦੇ ਪੈਰ ਨਹੀਂ ਹੁੰਦੇ। ਸੋ ਚੂੰਕਿ ਤੁਹਾਡਾ ਸਾਰਾ ਕਾਰੋਬਾਰ ਹੀ ਚੋਰੀ ਦੇ ਪਰਦੇ ਵਿੱਚ ਹੁੰਦਾ ਹੈ, ਇਸ ਲਈ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਸਦੀਆਂ ਬੁਨਿਆਦਾਂ ਪੱਕੀਆਂ ਹਨ ।
ਪੁਲੀਸ ਨੂੰ ਇਖਤਿਆਰ ਦਿੱਤਾ ਜਾਂਦਾ ਹੈ ਕਿ ਬਲੈਕੀਆਂ ਨੂੰ ਗ੍ਰਿਫਤਾਰ ਕਰੋ। ਉਹ ਚਾਰ ਦਿਨ-ਦਸ ਦਿਨ ਸਰਗਰਮੀ ਜ਼ਰੂਰ ਵਿਖਾਉਂਦੇ ਹਨ । ਪਰ ਮਾਮਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਜਦ ਕਿ, ਚੋਰ ਦੀ ਮਾਂ ਨੂੰ ਨਹੀਂ ਮਾਰਿਆ ਜਾਂਦਾ।
ਮੈਂ ਤਾਂ ਕੁਝ ਨਹੀਂ ਕੀਤਾ, ਪਰ ਚੋਰ ਦੀ ਮਾਂ ਕੋਠੀ ਵਿੱਚ। ਮੇਰੇ ਮੁੰਡੇ ਨੇ ਜੇ ਫਸਾਦ ਖੜ੍ਹਾ ਕਰ ਦਿੱਤਾ, ਤਾਂ ਮੈਂ ਨਮੋਸ਼ੀ ਨਾਲ ਅੰਦਰ ਵੜਨਾ ਹੀ ਸੀ।