ਇਨ੍ਹਾਂ ਬੰਦਿਆਂ ਨੂੰ ਸੱਚੀਮੁੱਚੀ ਖਬਰੇ ਰੱਬ ਨੇ ਕਿਸ ਮਿੱਟੀ ਦਾ ਬਣਾਇਆ ਏ । 'ਨਾ ਸ਼ਰਮ ਨਾ ਹਯਾ, 'ਨਾ ਚੜ੍ਹੀ ਦੀ ਨਾ ਲੱਥੀ ਦੀ।'
ਬੱਚਾ ਰਤਨੇ ਪਾਸੋਂ ਕਾਹਦੀ ਆਸ ਹੈ, ਉਹ ਤਾਂ ਰੱਜ ਕੇ ਕੰਗਾਲ ਹੈ। ਅਖੇ 'ਨਾ ਗੋਡੇ, ਨਾ ਗਿੱਟੇ ਤੇ ਤੈਨੂੰ ਕਿਥੇ ਪਿੱਟੇ।'
ਸੰਤਾ ਰਤਾ ਹੋਸ਼ ਕਰ । ਆਪਣੇ ਅੰਦਰ ਝਾਤੀ ਮਾਰ, ਨਿਰਾ ਨਖਰਾ ਕਿਸ ਕੰਮ। ਤੇਰਾ ਤਾਂ ਇਹ ਹਾਲ ਹੈ ਅਖੇ 'ਨਾ ਗਡਵੀ ਨਾ ਡੱਲਾ ਇਸ਼ਨਾਨ ਕਰਨ ਚਲਾ"।
ਪਰ੍ਹਾਂ ਮਰ ਓਇ ਮਾਮਰਾ ! ਤੇਰੇ ਜਿਹੇ ਸ਼ਾਹ ਸਵਾਰ ਮੈਂ ਕਈ ਵੇਖੇ ਨੇ । 'ਨਾ ਖੁਸੇ ਨਾ ਖੁਸਾਵੇ, ਝੂਝੂ ਉਘਰ ਉਘਰ ਆਵੇ'।
ਜਾਂ ਆਪ ਕਰੋ ਜਾਂ ਮੈਨੂੰ ਕਰਨ ਦਿਉ। ਇਹ 'ਨਾ ਖੇਡਾਂਗੇ, ਨਾ ਖੇਡਣ ਦਿਆਂਗੇ' ਦੀ ਜ਼ਿੱਦਬਾਜ਼ੀ ਕਿੱਥੋਂ ਤਕ ਚੰਗੀ ਹੈ ?
ਫੁੱਲ ਪਏ ਪਏ ਖਰਾਬ ਹੋ ਗਏ ਹਨ ਅਖੇ 'ਨਾ ਖਾਏ ਕੁਲ, ਨਾ ਜਾਏ ਡੁਲ੍ਹ।' ਕਿਸੇ ਦੀ ਵਰਤੋਂ ਵਿੱਚ ਵੀ ਨਾ ਆਏ।
ਦੇਵਤੇ ਨੇ ਦਾਨ ਲਈ ਹੀ ਤਾਂ ਵਿਆਹ ਆਰੰਭ ਕੀਤਾ ਸੀ। ਦੇਵਤੇ ਨੂੰ ਵਹੁਟੀ ਨਾਲੋਂ ਧਨ ਪਿਆਰਾ ਸੀ, ਵੀਰਾਂ ਨੂੰ ਉੱਕਾ ਨਾ ਵਸਾਇਆ। ਵੀਰਾਂ ਦਾ ਭਰਾ ਗਿਆ, ਮਾਲ ਧਨ ਗਿਆ, ਨਾਲ ਪਤੀ ਵੀ ਗਿਆ । 'ਨਾ ਕੰਵਾਰੀ ਨਾ ਰੰਡ'।
ਜਦ ਬਹੁਤ ਗੁੱਸਾ ਆਇਆ ਤਾਂ ਕੜਕ ਕੇ ਬੋਲੀ, 'ਭਾਵੇਂ ਸਾਡੇ ਸਮਾਜ ਵਿੱਚ ਪਤੀ ਦੇ ਸਾਹਮਣੇ ਚੂੰ ਕਰਨ ਦੀ ਵੀ ਇਜ਼ਾਜ਼ਤ ਨਹੀਂ; 'ਨਾ ਕੰਮ ਨਾ ਕਾਰ ਭੜੂਆ ਲੜਨ ਨੂੰ ਤਿਆਰ' ਪਰ ਮੈਂ ਤੈਨੂੰ ਅੱਜ ਸੁਣਾ ਕੇ ਹੀ ਛੱਡਾਂਗੀ।”
ਖਾਣਾ ਘਰੋਂ ਤੇ ਸਲਾਹੁਣਾ ਸਹੁਰਿਆਂ ਨੂੰ ? ਨਾਂ ਕੁੜਮਾਂ ਦਾ, ਗੁਲੀਆਂ ਟੱਬਰ ਦੀਆਂ।
ਚੁਪ ਚਪਾਤਾ ਘਰ ਜਾ ਕੇ ਫੇਰੇ ਲੈ ਲਵੀਂ, ਨਾ ਕੁੱਤਾ ਵੇਖੇ, ਨਾ ਭੌਂਕੇ ।” ਦੂਜੇ ਘਰ ਬਿੜਕ ਓਦੋਂ ਹੀ ਪਏਗੀ ਜਦੋਂ ਛਨਕਦੀ ਮਨਕਦੀ ਵਹੁਟੀ ਘਰ ਆ ਜਾਵੇਗੀ।
ਮੁੰਡੇ ਦੇ ਸਿਰ ਤੇ ਨਾ ਮਾਂ ਨਾ ਪਿਉ । ਅਪਣੇ ਹੱਥੀਂ ਕੱਢੇਗੀ, ਹੱਥੀਂ ਪਾਏਗੀ । 'ਨਾ ਕਿਸੇ ਦੀ ਹੈ ਹੈ, ਨਾ ਕਿਸੇ ਦੀ ਖੈ ਖੈ। ਅੱਜ ਕੱਲ ਦੀਆਂ ਸੱਸਾਂ ਤੇ ਰੱਜ ਕੇ ਰੋਟੀ ਵੀ ਨਹੀਂ ਖਾਣ ਦਿੰਦੀਆਂ ਨੂੰਹਾਂ ਨੂੰ।
ਵਿਚਾਰਾ ਬੜਾ ਭਲਾ ਲੋਕ ਸੀ। 'ਨਾ ਕਾਹੂੰ ਸਿਉਂ ਦੋਸਤੀ ਨਾ ਕਾਹੂੰ ਸਿਉਂ ਵੈਰ'।