ਕਿਰਤੀ ਦਾ ਇਹ ਕੰਮ ਨਹੀਂ ਕਿ ਦੂਜਿਆਂ ਦੀ ਕਮਾਈ ਵੱਲ ਆਸ ਰੱਖੇ। ਅਖੇ 'ਪੀਠਾ ਨਾ ਛੜਿਆ ਤੇ ਬੰਨੀ ਲੈ ਘਰ ਵੜਿਆ' ਜੇ ਕੰਮ ਨਹੀਂ ਕੀਤਾ ਤਾਂ ਫਲ ਦੀ ਆਸ ਕਿਉਂ ਰੱਖੀਏ ?
ਉਸ ਦਾ ਮਨ ਪੀਠਾ ਦਾਰੂ ਤੇ ਮੁਨਿਆ ਜੋਗੀ ਹੈ। ਕੋਈ ਪਤਾ ਨਹੀਂ ਉਸਦਾ। ਬਾਹਰੋਂ ਭਾਵੇਂ ਸਾਧ ਜਾਪਦਾ ਹੈ ਪਰ ਮੈਨੂੰ ਤਾਂ ਬਿਲਕੁਲ ਇਤਬਾਰ ਨਹੀਂ ਉਸ ਤੇ, ਪਤਾ ਨਹੀਂ ਕਿਸ ਵੇਲੇ ਡੰਗ ਮਾਰੇ।
ਵੇਖੋ ਜੀ, ਕਈ ਦਿਨਾਂ ਤੋਂ ਮੇਰੀ ਜਿੰਦ ਕੰਮ ਕਰ ਕਰਕੇ ਅੱਕ ਗਈ, ਪਰ ਇਨਾਮ ਤੁਸੀਂ ਹੋਰਨਾਂ ਨੂੰ ਦੇ ਦਿੱਤਾ । ਇਹ ਤਾਂ ਓਹੀ ਗੱਲ ਹੋਈ ਅਖੈ 'ਪੀਹ ਮੋਈ, ਪਕਾ ਮੋਈ, ਆਏ ਡੱਟੇ ਖਾ ਗਏ।'
ਕਾਰਖਾਨੇ ਤੋਂ ਛੁੱਟੀ ਹੋਣ ਤੇ ਉਹ ਸਾਹਬ ਬਣਕੇ ਮਾਲ ਰੋਡ ਤੇ ਪਤਨੀ ਸਮੇਤ ਸੈਰ ਕਰਦਾ ਹੈ ਪਰ ਵਿਚਾਰੇ ਦੇ ਪੱਲੇ ਪੈਸਾ ਨਹੀਂ ਹੁੰਦਾ ਕਿ ਕੁਝ ਖਾਵੇ ਪੀਵੇ ਵੀ । ਤਾਂ ਵੀ ਪੀਸਣੇ ਦਾ ਪੀਸਣਾ, ਤੇ ਰੰਘੜਊ ਦਾ ਰੰਘੜਊ ।
ਉਸਨੇ ਥੋੜੀ ਦੇਰ ਬਾਅਦ ਪਤੀ ਦੇ ਗਲ ਬਾਹਾਂ ਪਾਕੇ ਕਹਿਣਾ ਸ਼ੁਰੂ ਕੀਤਾ, ਮੈਨੂੰ ਈ ਪਤਾ ਜਿਸ ਤਰ੍ਹਾਂ ਮੈਂ ਦਿਨ ਕੱਟੇ ਨੇ। ਤੁਹਾਨੂੰ ਕੀ ? ਤੁਸੀਂ ਤੇ ਬਸ 'ਪੀਉ ਭੰਗਾਂ ਸਵੋ ਬਾਗੀ ਤੇ ਪਿਛਲੇ ਜੀਉਣ ਆਪਣੇ ਭਾਗੀਂ ।'
ਜਿੰਨੀ ਵਿੱਤ ਹੋਵੇ ਓਨੀ ਹੀ ਛਾਲ ਮਾਰਨੀ ਚਾਹੀਦੀ ਹੈ । ਕਦੀ 'ਪਿੱਦੀ ਨੇ ਵੀ ਪੀਂਘਾਂ ਪਾਈਆਂ ਨੇ ?'
ਆਖਰ ਮਾਂ ਬਾਪ ਦਾ ਅਸਰ ਬੱਚਿਆਂ ਤੇ ਪੈਂਦਾ ਹੀ ਹੈ। ਪਿਉ ਸ਼ਰਾਬੀ ਜੁਆਰੀ ਸੀ ਤਾਂ ਪੁੱਤ ਨੇ ਸੱਟਾ ਖੇਡਣਾ ਸ਼ੁਰੂ ਕਰ ਦਿੱਤਾ। ਸਿਆਣਿਆਂ ਸੱਚ ਹੀ ਆਖਿਆ ਹੈ, “ਪਿਤਾ ਪਰ ਪੂਤ (ਤੁਖ਼ਮ) ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ'।
ਪਿਤਾ ਕਾ ਜਨਮ ਕਿ ਜਾਨੈ ਪੂਤੁ ॥ ਸਗਲ ਪਰੋਈ ਅਪਨੈ ਸੂਤਿ ॥
ਦੁਨੀਆਂ ਤੋਂ ਪਰੇ ਰਹਿਣਾ ਹੀ ਠੀਕ ਹੈ ‘ਪਿੱਛੇ ਰਹੀਏ ਘਾਟਾ, ਮਿਲੀਏ ਤਾਂ ਧੱਕੇ ਧੋੜੇ' ਵਾਲੀ ਗੱਲ ਹੈ ਇੱਥੇ ਤਾਂ।
ਤੂੰ ਪੇਕਿਆਂ ਦੀਆਂ ਬਹੁਤ ਵਡਿਆਈਆਂ ਨਾ ਕਰਿਆ ਕਰ। ਗੱਲ ਤੇ ਇਹੋ ਹੈ ਕਿ 'ਪਿੱਛੇ ਨਾ ਆਈ ਗੋਗੀ, ਭਛੁੰਨੀ ਗੱਲਾਂ ਜੋਗੀ।'
ਪਿਛਲਿਆਂ ਦੇ ਰੋਣੇ ਕੀ ਰੋਣੇ ਹੋਇ। 'ਪਿਛਲੇ ਮੋਇ ਪਿੱਛੇ ਦੱਬੇ ਗਏ। ਨਵਾਂ ਸਮਾਂ ਹੈ ਨਵਿਆਂ ਦੀ ਗੱਲ ਕਰੋ।
ਮੈਨੂੰ ਤਾਂ ਇਸ ਮੁੰਡੇ ਵਿਚ ਕਦੀ ਅਕਲ ਨਹੀਂ ਭਾਸਦੀ। ਛੋਟੀ ਬੀਬੀ ਕੱਦ, ਜੁੱਸੇ ਤੇ ਮੋਹਿਤ ਹੋ ਗਈ। ਪਰ ਸੱਚ ਕਹਿੰਦੇ ਨੇ 'ਪਿਆਰ ਅੰਨ੍ਹਾ ਹੁੰਦਾ ਹੈ'।