ਬਹੁਤੀਆਂ ਗੱਪਾਂ ਨਾ ਮਾਰ, ਵੇਖਿਆ ਤੂੰ ਵੱਡਾ ਦਲੇਰ । ਅਖੇ 'ਪਿਉ ਨਾ ਮਾਰੀ ਪਿੱਦੜੀ ਤੇ ਪੁੱਤਰ ਤੀਰ ਅੰਦਾਜ਼'।
ਰਾਮ ਦੇਈ-ਇੱਛਰਾਂ ! ਗਹਿਣੇ ਤਾਂ ਮੇਰੇ ਪਾਸ ਵੀ ਹਨ ਤੇ ਕਈ ਹੋਰਨਾਂ ਪਾਸ ਵੀ ਪਰ ਸਜਦੇ ਜਿਵੇਂ ਤੈਨੂੰ ਹਨ, ਹੋਰ ਕਿਸੇ ਨੂੰ ਨਹੀਂ। ਠੀਕ ਹੈ-ਪਾਵੇ ਹਰ ਕੋਈ, ਠਨਕਾਵੇ ਕੋਈ।
ਤਿੱਖੀ ਹਵਾ ਦੇ ਕਾਰਨ ਅੱਜ ਅਪ੍ਰੈਲ ਵਿੱਚ ਏਨੀ ਠੰਢ ਲਗਦੀ ਏ, ਜਿੰਨੀ ਕਦੀ ਸਰਦੀ ਵਿਚ ਨਹੀਂ ਲਗਦੀ। ਠੀਕ ਹੀ ਹੈ, ‘ਪਾਲਾ ਪੋਹ ਨਾ ਮਾਘ, ਪਾਲਾ ਵਾਉ ਦਾ'।
ਕੀ ਬੇ-ਔੜਕ ਮਿਸਾਲਾਂ ਇਹੋ ਜਿਹੀਆਂ ਸਾਡੇ ਸਾਹਮਣੇ ਮੌਜੂਦ ਨਹੀਂ ਜਿਹਨਾਂ ਨੂੰ ਵੇਖਕੇ ਅਸੀਂ ਕਹਿੰਦੇ ਹਾਂ 'ਪਾਪੀ ਕੋ ਦੋਜ਼ਖ ਨਹੀਂ, ਧਰਮੀ ਨਰਕੇ ਜਾਇ' । ਲਿਖਾਰੀ ਨੇ ਵੀ ਤਾਂ ਕੁਦਰਤ ਦੇ ਪਾਏ ਪੂਰਨਿਆਂ ਤੇ ਚਲਣਾ ਸੀ ।
‘ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ' ਅਸਾਂ ਤਾਂ ਉਸ ਨੂੰ ਕੁਝ ਕਿਹਾ ਹੀ ਨਹੀਂ ਆਪੇ ਹੀ ਚੱਕਰ ਵਿੱਚ ਫਸ ਗਿਆ।
ਅੰਤ ਨੂੰ ਨਿਆਂ ਹੋ ਕੇ ਹੀ ਰਹਿਣਾ ਹੈ । 'ਪਾਪ ਕਦੇ ਤਰਿਆ ਨਹੀਂ ਤੇ ਸੱਚ ਕਦੇ ਡੁਬਿਆ ਨਹੀਂ"।
ਰਾਜਾ- ਤੁਸੀਂ ਕਾਕੀ ਕਿੱਥੇ ਦਿੱਤੀ ? ਉੱਥੇ ਇਸ ਗੁਣਵਾਨ ਬੱਚੀ ਨੂੰ ਕੌਣ ਪੁੱਛੇਗਾ ? ਅਖੇ 'ਪਾਨਾ ਵਾੜੀ ਹੋਇ ਘਰ, ਖਰ ਸਾਰ ਨਾ ਜਾਣੇ'।
ਮਹਾਰਾਜ, ਤੁਸੀਂ ਖੋਲ੍ਹ ਕੇ ਸਾਰੀ ਗੱਲ ਦੱਸੋ। ਸਮਾਂ ਸਾਫ ਨੀਤੀ ਦੱਸਣ ਦਾ ਹੈ। ਫੌਜੀ ਅਫਸਰ ਗੋਲ ਮੋਲ ਗੱਲ ਤੋਂ ਚਕਰਤ ਹਨ। ਅੰਤ ਨੂੰ ਇਹ ਹੀ ਨਾ ਹੋਵੇ ਕਿ 'ਪਾਤਸ਼ਾਹਾਂ ਦੇ ਮਾਮਲੇ ਦਰਿਆਵਾਂ ਦੇ ਫੇਰ' ਨੂੰ ਕੌਣ ਬੁਝੇ ?
ਵੀਰੋ, ਰਲ ਮਿਲ ਕੇ ਬਹੁ । ਅਸਾਂ ਤੁਸਾਂ ਇੱਥੇ ਹੀ ਜੰਮਣਾ ਮਰਨਾ ਏ । 'ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ'।
ਮੁੜ ਮੁੜ ਮੇਰੇ ਅੰਦਰੋਂ ਇਕ ਪ੍ਰਸ਼ਨ ਉਠਦਾ-"ਕੀ ਪਾਣੀ ਪੁਣ ਪੁਣ ਕੇ ਪੀਣ ਵਾਲੇ, ਲਹੂ ਅਣ-ਪੁਣਿਆ ਹੀ ਪੀ ਜਾਂਦੇ ਹਨ' ? ਅੰਦਰੋਂ ਉੱਤਰ ਮਿਲਦਾ- ਸ਼ਾਇਦ ।
ਬੀਬਾ ! ਬੜਾ ਸੰਭਲ ਕੇ ਕਿਸੇ ਉੱਤੇ ਇਤਬਾਰ ਕੀਤਾ ਕਰੋ। 'ਪਾਣੀ ਪੀਣਾ ਪੁਣਕੇ, ਤੇ ਮਾਹਣੂ ਖਾਣਾ ਚੁਣਕੇ' ਨਿਰਾ ਸ਼ਕਲ ਹੀ ਵੇਖ ਕੇ ਡੁੱਲ੍ਹ ਨਾ ਪਿਆ ਕਰੋ।
ਸਿਆਣਿਆਂ ਨੇ ਤੱਤ ਕੱਢੇ ਹੋਇ ਹਨ ਜ਼ਿੰਦਗੀ ਦੇ, ਐਵੇਂ ਨਹੀਂ ਆਖਿਆ ਕਿ 'ਪਾਣੀ ਦਾ ਹਗਿਆ ਮੂੰਹ ਨੂੰ ਆਉਂਦਾ ਹੈ।' ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਮਾਂ ਬਾਪ ਦੀ ਬੇਇਜ਼ਤੀ ਕਰਦਾ ਸਾਂ ਤੇ ਹੁਣ ਇਨ੍ਹਾਂ ਬੱਚਿਆਂ ਕੋਲੋਂ ਆਪਣੀ ਬੇਪਤੀ ਸੁਣ ਕੇ ਤੰਗ ਕਿਉਂ ਹੁੰਦਾ ਏਂ ।