ਵਾਹ, ਵਾਹ, ਵਾਹ ! ਕਿੰਨਾ ਮਿੱਠਾ ਤੇ ਠੰਢਾ ਪਾਣੀ ਹੈ, ਇਸ ਖੂਹੀ ਦਾ ! ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ 'ਪਾਣੀ ਖੂਹ ਦਾ, ਘਾਹ ਜੂਹ ਦਾ।'
ਮਹਾਰਾਜ, ਦੁੱਖ ਦਾ ਦਾਰੂ ਕਰਨਾ ਹੀ ਉਚਿਤ ਹੈ । ‘ਪਾਟਿਆ ਸੀਵੀਏ ਨਾ, ਰੁਠਿਆ ਮਨਾਈਏ ਨਾ, ਤਾਂ ਗੱਲ ਕਿਵੇਂ ਬਣੇ ?”
ਭਲਿਆ ਲੋਕਾ, ਹਰ ਜੱਟ ਜਾਣਦਾ ਹੈ ਕਿ 'ਪਾਹ ਘਤ ਤੇ ਪਿਛੋਂ ਵਾਹ, ਸਾਈਂ ਚਾਹੇ ਤਾਂ ਦੂਣਾ ਲਾਹ' ਤੂੰ ਨਾ ਰੂੜੀ ਪਾਈ ਨਾ ਡੂੰਘਾ ਹਲ ਫੇਰਿਆ, ਫਸਲ ਕਿੱਥੋਂ ਹੁੰਦੀ ?
ਅਸੀਂ ਗੱਲ ਸਿੱਧੀ ਏ, 'ਪਾਸਾ ਪਏ ਤਾਂ ਦਾ, ਰਾਜਾ ਕਰੇ ਸੋ ਨਿਆਂ'। ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਤੁਸੀਂ ਵੀ ਮੰਨ ਲਉ ਤਾਂ ਚੰਗਾ ਹੈ।
ਐਵੇਂ ਬਹੁਤਾ ਵਿਖਾਵਾ ਨਹੀਂ ਕਰੀਦਾ, 'ਪਾ ਚਉਲ ਚੁਬਾਰੇ ਰਸੋਈ' ਤੂੰ ਜਿੰਨਾ ਕੁਝ ਹੈਂ ਸਾਰਿਆਂ ਨੂੰ ਪਤਾ ਹੀ ਹੈ।
ਕਿਸਮਤ ਦੀਆਂ ਗੱਲਾਂ ਹਨ। ਮਿਹਨਤ ਵਿਚਾਰੇ ਨੇ ਬਹੁਤ ਕੀਤੀ ਹੈ, ਐਮ. ਏ. ਭੀ ਕਰ ਗਿਆ ਹੈ, ਐਲ. ਐਲ. ਬੀ. ਦੀ ਡਿਗਰੀ ਭੀ ਲੈ ਲਈ ਹੈ, ਪਰ ਨੌਕਰੀ ਉਹੋ ਡਾਕਖਾਨੇ ਦੀ ਕਲਰਕੀ। 'ਪੜ੍ਹੇ ਫਾਰਸੀ ਵੇਚੇ ਤੇਲ, ਇਹ ਵੇਖੋ ਕਰਮਾਂ ਦੇ ਖੇਲ' ਵਾਲੀ ਗੱਲ ਹੈ।
ਇਹ ਤਾਂ ‘ਪੜ੍ਹੇ ਨਾ ਲਿਖੇ ਨਾਂ ਵਿੱਦਿਆ ਸਾਗਰ' ਵਾਲੀ ਗੱਲ ਹੈ। ਵਿੱਚੋਂ ਤਾਂ ਭਾਈ ਹੋਰੀਂ ਖਾਲੀ ਹਨ, ਬਾਹਰੋਂ ਜੋ ਮਰਜ਼ੀ ਹੈ ਡੀਂਗਾਂ ਮਾਰੀ ਚੱਲਣ।
'ਪੜ੍ਹਿਆ ਪੁਤ ਪੜ੍ਹਾਕੂ ਦਾ, ਤੇ ਸੋਲਾਂ ਦੂਣੀ ਅੱਠ' ਵਾਲੀ ਗੱਲ ਹੈ ਉਸ ਦੀ ਤਾਂ, ਲਿਆਕਤ ਨੂੰ ਤਾਂ ਢੰਡੋਰਾ ਪਿੱਟਣ ਦੀ ਲੋੜ ਹੀ ਨਹੀਂ ਹੁੰਦੀ। ਉਸ ਦੀ ਲਿਆਕਤ ਹਰ ਕੋਈ ਜਾਣਦਾ।
ਪੜ੍ਹਿਆ ਬੇਸ਼ਕ ਉਹ ਕੁਝ ਨਹੀਂ ਪਰ ਉਸ ਦੁਨੀਆਂ ਵੇਖੀ ਹੈ। ਦੁਨੀਆਂ ਦੇ ਤਜਰਬਿਆਂ ਨਾਲ ਉਸ ਦੇ ਵਾਲ ਚਿੱਟੇ ਹੋਇ ਹਨ। 'ਪੜ੍ਹਿਆ ਨਹੀਂ ਉਹ ਕੁੜਿਆ ਏ ।'
ਸਰਦਾਰ ਹੋਰੀਂ ਪੜ੍ਹੇ ਹੋਇ ਤਾਂ ਹਨ ਪਰ ਗੁੜ੍ਹੇ ਨਹੀਂ ਜਾਪਦੇ । ਤਜਰਬਾ ਘੱਟ ਹੈ।
ਜੁੰਮਾਂ- ਮੁੰਡਾ ਕਿੰਨਾ ਕੁਝ ਪੜ੍ਹ ਗਿਆ ਹੈ ? ਮੌਲਵੀ - ‘ਪੜ੍ਹ ਪੁਖ਼ਤਾ ਤੇ ਲਿਖ ਲੋਹੜਾ' ਬਸ ਅੱਲਾ ਅੱਲਾ ਤੇ ਖੈਰ-ਸੱਲਾ ਹੀ ਹੈ।
ਰੱਬ ਉੱਤੇ ਭਰੋਸਾ ਰੱਖੋ, ਵੀਰ ਜੀ ! 'ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼' ਜਿਨ ਪੈਦਾ ਕੀਤਾ ਹੈ ਉਹ ਰਿਜ਼ਕ ਭੀ ਪੁਚਾਇਗਾ। ਗੱਲ ਕੇਵਲ ਵਿਸ਼ਵਾਸ ਦੀ ਹੈ।