ਮੈਂ ਧੋਖੇ ਵਿੱਚ ਆ ਗਿਆ। ਮੈਨੂੰ ਕੀ ਪਤਾ ਸੀ ਕਿ ਇਹ ਘਾਤੀ ਆਦਮੀ ਨਿਕਲੇਗਾ, ਪਰ ਉਂਜ ਕੀ ਪਤਾ ਲਗਦਾ ਹੈ। ‘ਬਾਹਰੋਂ ਚਿੱਟਾ ਤੇ ਅੰਦਰੋਂ ਕਾਲਾ' ਅਜਿਹੇ ਆਦਮੀ ਨੂੰ ਸਮਝਣਾ ਵੀ ਤਾਂ ਬੜੀ ਮੁਸ਼ਕਲ ਗੱਲ ਹੈ।
ਠੀਕ ਹੈ ਕਲਕੱਤੇ ਇਥੋਂ ਨਾਲੋਂ ਤੈਨੂੰ ਦੁੱਗਣੇ ਪੈਸੇ ਮਿਲਣਗੇ ਪਰ ‘ਬਾਹਰ ਦੀ ਚੋਪੜੀ ਤੇ ਘਰ ਦੀ ਰੁੱਖੀ ਬਰਾਬਰ ਹੁੰਦੀ ਹੈ। ਖਿਆਲ ਰੱਖਣਾ।
ਮੁਨੀਮ ਜੀ ! ‘ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ।' ਮੁੜ ਵੀਚਾਰ ਕਰ ਲਵੋ । ਬਾਹਰ ਦੁੱਖ ਬਹੁਤੇ ਤੇ ਸੁੱਖ ਥੋੜ੍ਹੇ ਹਨ।
ਪਿਉ ਦਾਦਾ ਮੰਗ ਪਿੰਨ ਕੇ ਧੰਨ ਜੋੜ ਗਏ । ਪੁਤਰਾਂ ਨੂੰ ਜੋ ਅਨ-ਕਮਾਇਆ ਧਨ ਹੱਥ ਲੱਗਾ ਤਾਂ ਵਿਗੜ ਗਏ। ‘ਬਾਹਮਣੀ ਦੇ ਪੂਤ ਕੋਈ ਜਿੰਨ ਕੋਈ ਭੂਤ' ਵਾਲੀ ਗੱਲ ਸੱਚ ਹੀ ਹੋ ਗਈ।
ਮੁਕੱਦਮੇ ਬਾਜ਼ੀ ਬੁਰੀ। ਜਿਵੇਂ 'ਬਾਹਮਣਾਂ ਦੀ ਜੰਞ ਤੇ ਝੋਨੇ ਦੀ ਜੜ੍ਹ ਦਾ ਅੰਤ ਨਹੀਂ' ਹੁੰਦਾ । ਇਵੇਂ ਹੀ ਮੁਕੱਦਮੇ ਦਾ ਹਾਲ ਹੈ।
ਕਰਮਾਂ ਦਾ ਹੀ ਫਲ ਮਿਲਣਾ ਸੀ 'ਬਾਹਮਣ ਦੇ ਹੱਥ ਛੁਰਾ ਉਹ ਵੀ ਬੁਰਾ।' ਜੇ ਚੰਗਾ ਮਨੁੱਖ ਮੰਦੇ ਕੰਮ ਕਰੇ, ਤਾਂ ਉਹ ਵੀ ਤਾਂ ਬੁਰਾ ਬਣਨਾ ਹੀ ਹੋਇਆ।
‘ਬਾਹਮਣ ਦਾ ਬਾਹਮਣ ਵੈਰੀ' ਵਾਲੀ ਹੀ ਗੱਲ ਹੋਈ ਆਖਿਰ ਨੂੰ। ਉਸਦਾ ਗਲ ਉਸਦੇ ਆਪਣੇ ਜਾਤ ਬਰਾਦਰੀ ਦੇ ਭਰਾਵਾਂ ਨੇ ਹੀ ਕਪ ਦਿੱਤਾ ਤੇ ਬਸ ਫੇਰ ਕੀ ਸੀ... ।
ਆਖਦੇ ਹਨ, ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ । ਕਦੀ ‘ਬਾਹਮਣ ਮੰਗਿਆ ਧਾਈਂ ਠੱਗਿਆ ਪੂਰੀ ਨਹੀਂ ਪੈਂਦੀ।'
ਸਾਡੇ ਭਾਗ ! ਕਾਕੇ ਨੂੰ ਵਲੈਤ ਵੀ ਘੱਲਿਆ। ਪਰ ‘ਬਾਈ ਬਾਈ ਤੇ ਓਸੇ ਜਾਈ' ਕੋਈ ਉੱਨਤੀ ਉਸਨੇ ਨਹੀਂ ਕੀਤੀ।
ਤੁਹਾਡਾ ਕੀ ਖਿਆਲ ਹੈ ਅੰਮ੍ਰਿਤ ਉੱਤੇ ਉਸ ਦੇ ਪਿਉ ਦਾ ਕੋਈ ਅਸਰ ਨਹੀਂ । ਇਹ ਗੱਲ ਤਾਂ ਮੈਂ ਮੰਨ ਹੀ ਨਹੀਂ ਸਕਦਾ ਆਖਿਰ 'ਬਲ੍ਹੇ ਦਾ ਬਲ੍ਹਾ ਨਹੀਂ ਤਾਂ ਮੱਥੇ ਫੁਟੀ ਜ਼ਰੂਰ ਹੁੰਦੀ ਹੈ।
ਬੱਚੀ ! ਮੁੰਡਾ ਮੰਗਣ ਲੱਗਿਆਂ ਤੂੰ ਦੂਰ ਦੀ ਵਿਚਾਰ ਤੋਂ ਕੰਮ ਲਿਆ । ਨਹੀਂ ਤਾਂ ਇਹ ਦੁੱਖ ਨਾ ਹੁੰਦਾ । ਸਿਆਣਿਆਂ ਨੇ ਕਿਹਾ ਹੈ 'ਬਲਦ ਲਈਏ ਲਾਣੇ ਦਾ ਤੇ ਸਾਕ ਲਈਏ ਠਿਕਾਣੇ ਦਾ।'
ਬੁੱਢੀ ਹੱਡੀ ਹੈ, ਪਰ ਸਿਰੜੀ ਏਨਾ ਕਿ ਜਵਾਨਾਂ ਨੂੰ ਪਿੱਛੇ ਸੁਟਦਾ ਹੈ। 'ਬਲਦ ਦੇ ਹੱਡ ਵਗਨ ਤੇ ਸੰਢੇ ਦਾ ਮਾਸ' ਵਾਲੀ ਗੱਲ ਹੈ।