ਰਾਮ ਦੇਈ-ਇੱਛਰਾਂ ! ਗਹਿਣੇ ਤਾਂ ਮੇਰੇ ਪਾਸ ਵੀ ਹਨ ਤੇ ਕਈ ਹੋਰਨਾਂ ਪਾਸ ਵੀ ਪਰ ਸਜਦੇ ਜਿਵੇਂ ਤੈਨੂੰ ਹਨ, ਹੋਰ ਕਿਸੇ ਨੂੰ ਨਹੀਂ। ਠੀਕ ਹੈ-ਪਾਵੇ ਹਰ ਕੋਈ, ਠਨਕਾਵੇ ਕੋਈ।
ਬਹੁਤੀਆਂ ਗੱਪਾਂ ਨਾ ਮਾਰ, ਵੇਖਿਆ ਤੂੰ ਵੱਡਾ ਦਲੇਰ । ਅਖੇ 'ਪਿਉ ਨਾ ਮਾਰੀ ਪਿੱਦੜੀ ਤੇ ਪੁੱਤਰ ਤੀਰ ਅੰਦਾਜ਼'।
ਮੈਨੂੰ ਤਾਂ ਇਸ ਮੁੰਡੇ ਵਿਚ ਕਦੀ ਅਕਲ ਨਹੀਂ ਭਾਸਦੀ। ਛੋਟੀ ਬੀਬੀ ਕੱਦ, ਜੁੱਸੇ ਤੇ ਮੋਹਿਤ ਹੋ ਗਈ। ਪਰ ਸੱਚ ਕਹਿੰਦੇ ਨੇ 'ਪਿਆਰ ਅੰਨ੍ਹਾ ਹੁੰਦਾ ਹੈ'।
ਪਿਛਲਿਆਂ ਦੇ ਰੋਣੇ ਕੀ ਰੋਣੇ ਹੋਇ। 'ਪਿਛਲੇ ਮੋਇ ਪਿੱਛੇ ਦੱਬੇ ਗਏ। ਨਵਾਂ ਸਮਾਂ ਹੈ ਨਵਿਆਂ ਦੀ ਗੱਲ ਕਰੋ।
ਤੂੰ ਪੇਕਿਆਂ ਦੀਆਂ ਬਹੁਤ ਵਡਿਆਈਆਂ ਨਾ ਕਰਿਆ ਕਰ। ਗੱਲ ਤੇ ਇਹੋ ਹੈ ਕਿ 'ਪਿੱਛੇ ਨਾ ਆਈ ਗੋਗੀ, ਭਛੁੰਨੀ ਗੱਲਾਂ ਜੋਗੀ।'
ਦੁਨੀਆਂ ਤੋਂ ਪਰੇ ਰਹਿਣਾ ਹੀ ਠੀਕ ਹੈ ‘ਪਿੱਛੇ ਰਹੀਏ ਘਾਟਾ, ਮਿਲੀਏ ਤਾਂ ਧੱਕੇ ਧੋੜੇ' ਵਾਲੀ ਗੱਲ ਹੈ ਇੱਥੇ ਤਾਂ।
ਪਿਤਾ ਕਾ ਜਨਮ ਕਿ ਜਾਨੈ ਪੂਤੁ ॥ ਸਗਲ ਪਰੋਈ ਅਪਨੈ ਸੂਤਿ ॥
ਆਖਰ ਮਾਂ ਬਾਪ ਦਾ ਅਸਰ ਬੱਚਿਆਂ ਤੇ ਪੈਂਦਾ ਹੀ ਹੈ। ਪਿਉ ਸ਼ਰਾਬੀ ਜੁਆਰੀ ਸੀ ਤਾਂ ਪੁੱਤ ਨੇ ਸੱਟਾ ਖੇਡਣਾ ਸ਼ੁਰੂ ਕਰ ਦਿੱਤਾ। ਸਿਆਣਿਆਂ ਸੱਚ ਹੀ ਆਖਿਆ ਹੈ, “ਪਿਤਾ ਪਰ ਪੂਤ (ਤੁਖ਼ਮ) ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ'।
ਜਿੰਨੀ ਵਿੱਤ ਹੋਵੇ ਓਨੀ ਹੀ ਛਾਲ ਮਾਰਨੀ ਚਾਹੀਦੀ ਹੈ । ਕਦੀ 'ਪਿੱਦੀ ਨੇ ਵੀ ਪੀਂਘਾਂ ਪਾਈਆਂ ਨੇ ?'
ਮਿੱਤ੍ਰ ! ਇਸ ਪਿੰਡ ਨੇ ਉੱਜੜਨਾ ਸੀ, ਜਦ ਪੰਚ ਇਹੋ ਜਿਹੇ ਹੋਣ। 'ਪਿੰਡ ਉਜਾੜਿਆਂ ਚੌਧਰੀਆਂ ਵਸਾਵਣ ਵਾਲਾ ਕੌਣ।'
ਸੁਆਮੀ ਸ਼ਬਦਾ ਨੰਦ ਦੀ ਸਿੱਖੀ ਪੁਠਹਾਰ ਵਿਚ ਕਾਫੀ ਸੀ । ਜਦੋਂ ਪੁਠਹਾਰ ਬਰਬਾਦ ਕੀਤਾ ਗਿਆ, ਇਹ ਵੀ ਉੱਧਰ ਹੀ ਸਨ । ਪਰ 'ਪਿੰਡ ਸੜਿਆ ਜੋਗੀ ਭੱਜਿਆ' ਜਦ ਉੱਥੇ ਕੁਝ ਨਾ ਰਿਹਾ, ਤਾਂ ਇਹ ਵੀ ਖਿਸਕ ਆਏ ।
ਜਿਹਾ ਪੁੱਤਰ ਹੈ ਤਿਹਾ ਪਿਉ ਵੀ ਹੋਵੇਗਾ। 'ਪਿੰਡ ਗਹਾਰਿਆਂ ਤੋਂ ਹੀ ਦਿਸਦਾ ਹੈ।'