ਤੁਸੀਂ ਵੀ ਹੱਦ ਕਰ ਵਿਖਾਈ ਏ । ਏਨੀ ਬਿਪਤਾ ਦੇ ਸਮੇਂ ਕੋਈ ਨਾ ਪੁੱਜਾ। ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ, ਏਨੀ ਬੇਪ੍ਰਵਾਹੀ ਚੰਗੀ ਨਹੀਂ।
ਪਾਲਾ ਸਿੰਘ ਖੁਸ਼ੀ ਨੂੰ ਰੋਕਦਿਆਂ ਹੋਇਆ ਬੋਲਿਆ—ਬਈ ਅਜੇ ਸਿਰੇ ਤੇ ਚੜ੍ਹ ਲੈਣ ਦਿਓ ਕੰਮ, 'ਪਿੰਡ ਬੱਝਾ ਨਹੀਂ ਉਚੱਕੇ ਅੱਗੇ ਹੀ ਆ ਗਏ ਜੇ।'
ਨੀ ਤੇਰੀ ਤਾਂ ਇਹ ਹਾਲਤ ਏ ਅਖੇ 'ਪਿੰਡ ਵੜਨਾ ਭਾਵੇ ਨਾ, ਤੇ ਕੁੱਛੜ ਬਹੇ ਨਿਲੱਜ। ਪੁਛਦਾ ਤੈਨੂੰ ਘਰ ਵਿਚ ਕੋਈ ਹੈ ਨਹੀਂ ਪਰ ਤੂੰ ਚੌਧਰਿਆਣੀ ਬਣੀ ਫਿਰਨੀ ਏਂ।
ਮਜ਼ਾ ਤਦ ਆਵੇ, ਜੇ ਤੇਰਾ ਆਪਣਾ ਨੁਕਸਾਨ ਹੁੰਦਾ । ਤੂੰ ਤਾਂ ਸਾਡੀ ਕੀਮਤ ਤੇ ਮੌਜ ਉਡਾਨਾ ਏਂ। ਅਖੇ ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ'।
ਉਸਨੇ ਥੋੜੀ ਦੇਰ ਬਾਅਦ ਪਤੀ ਦੇ ਗਲ ਬਾਹਾਂ ਪਾਕੇ ਕਹਿਣਾ ਸ਼ੁਰੂ ਕੀਤਾ, ਮੈਨੂੰ ਈ ਪਤਾ ਜਿਸ ਤਰ੍ਹਾਂ ਮੈਂ ਦਿਨ ਕੱਟੇ ਨੇ। ਤੁਹਾਨੂੰ ਕੀ ? ਤੁਸੀਂ ਤੇ ਬਸ 'ਪੀਉ ਭੰਗਾਂ ਸਵੋ ਬਾਗੀ ਤੇ ਪਿਛਲੇ ਜੀਉਣ ਆਪਣੇ ਭਾਗੀਂ ।'
ਕਾਰਖਾਨੇ ਤੋਂ ਛੁੱਟੀ ਹੋਣ ਤੇ ਉਹ ਸਾਹਬ ਬਣਕੇ ਮਾਲ ਰੋਡ ਤੇ ਪਤਨੀ ਸਮੇਤ ਸੈਰ ਕਰਦਾ ਹੈ ਪਰ ਵਿਚਾਰੇ ਦੇ ਪੱਲੇ ਪੈਸਾ ਨਹੀਂ ਹੁੰਦਾ ਕਿ ਕੁਝ ਖਾਵੇ ਪੀਵੇ ਵੀ । ਤਾਂ ਵੀ ਪੀਸਣੇ ਦਾ ਪੀਸਣਾ, ਤੇ ਰੰਘੜਊ ਦਾ ਰੰਘੜਊ ।
ਵੇਖੋ ਜੀ, ਕਈ ਦਿਨਾਂ ਤੋਂ ਮੇਰੀ ਜਿੰਦ ਕੰਮ ਕਰ ਕਰਕੇ ਅੱਕ ਗਈ, ਪਰ ਇਨਾਮ ਤੁਸੀਂ ਹੋਰਨਾਂ ਨੂੰ ਦੇ ਦਿੱਤਾ । ਇਹ ਤਾਂ ਓਹੀ ਗੱਲ ਹੋਈ ਅਖੈ 'ਪੀਹ ਮੋਈ, ਪਕਾ ਮੋਈ, ਆਏ ਡੱਟੇ ਖਾ ਗਏ।'
ਉਸ ਦਾ ਮਨ ਪੀਠਾ ਦਾਰੂ ਤੇ ਮੁਨਿਆ ਜੋਗੀ ਹੈ। ਕੋਈ ਪਤਾ ਨਹੀਂ ਉਸਦਾ। ਬਾਹਰੋਂ ਭਾਵੇਂ ਸਾਧ ਜਾਪਦਾ ਹੈ ਪਰ ਮੈਨੂੰ ਤਾਂ ਬਿਲਕੁਲ ਇਤਬਾਰ ਨਹੀਂ ਉਸ ਤੇ, ਪਤਾ ਨਹੀਂ ਕਿਸ ਵੇਲੇ ਡੰਗ ਮਾਰੇ।
ਕਿਰਤੀ ਦਾ ਇਹ ਕੰਮ ਨਹੀਂ ਕਿ ਦੂਜਿਆਂ ਦੀ ਕਮਾਈ ਵੱਲ ਆਸ ਰੱਖੇ। ਅਖੇ 'ਪੀਠਾ ਨਾ ਛੜਿਆ ਤੇ ਬੰਨੀ ਲੈ ਘਰ ਵੜਿਆ' ਜੇ ਕੰਮ ਨਹੀਂ ਕੀਤਾ ਤਾਂ ਫਲ ਦੀ ਆਸ ਕਿਉਂ ਰੱਖੀਏ ?
ਹੁਣ ਸਾਡੇ ਵੀ ਹੱਥ ਲੱਗਿਓਂ ਸੂ ਤੇ ਯਾਦ ਈ ਪਿਆ ਕਰੇਗਾ ਨਾ। 'ਪੀਠਾ ਨਾ ਤੇ ਦਾਦੜ ਤੇ ਹੋਵੇਗਾ ਈ ਨਾ' । ਛੁਟਿਆ ਵੀ ਤੇ ਦੋ ਚਾਰ ਹਜ਼ਾਰ ਲਾ ਕੇ ਈ ਛੁਟੇਂਗਾ।
ਭਰਾ ਜੀ, 'ਪੀਠੇ ਦਾ ਕੀ ਪੀਹਣਾ' ? ਇਸ ਗੱਲ ਨੂੰ ਬੀਤਿਆਂ ਵਰ੍ਹੇ ਤੋਂ ਉਤੇ ਹੋ ਗਿਆ, ਮੁੜ ਇਸ ਨੂੰ ਛੇੜਨ ਦਾ ਕੀ ਲਾਭ ?
ਤੂੰ ਜਾਣ ਦਾ ਨਹੀਂ ਚੇਲਾ ਕਿਸ ਦਾ ਹੈ ਇਹ । ਸਾਰੇ ਜ਼ਮਾਨੇ ਦਾ ਛਟਿਆ ਹੋਇਆ ਤੇ ਚਲਾਕ ਹੈ ਇਸ ਦਾ ਗੁਰੂ ਤੇ ! ਫੇਰ ਸਿਆਣਿਆਂ ਨੇ ਐਵੇਂ ਤਾਂ ਨਹੀਂ ਨਾ ਆਖਿਆ 'ਪੀਰ ਜਿਨ੍ਹਾਂ ਦੇ ਟਪਣੇ ਚੇਲੇ ਜਾਣ ਛੜਪ।