ਤੁਸੀਂ ਸਾਨੂੰ ਕੀ ਮਿਹਣਾ ਮਾਰਦੇ ਹੋ ਕੰਜੂਸੀ ਦਾ ? ਤੁਸੀਂ ਘੱਟ ਹੋ ? 'ਦੁਧ ਸਾਂਭੇ ਗੁਜਰੇਟੀ, ਧੰਨ ਸਾਂਭੇ ਖਤਰੇਟੀ । ਹਰੇਕ ਨੂੰ ਆਪਣੀ ਵਸਤ ਪਿਆਰੀ ਹੁੰਦੀ ਹੈ।
ਮਾਂ- ਪੁੱਤਰ ! ਨਾ ਰੋ, ਅਜੇ ਅਗਲੇ ਦੁੱਖ ਨਹੀਂ ਭੁੱਲੇ। ਤੇਰੇ ਰੋਣ ਨਾਲ ‘ਦੁਖੀ ਹੋਈ ਥਾਂ ਹੋਰ ਦੁਖਦੀ ਹੈ।'
ਬੱਚੀ, ਕੀ ਕਰਾਂ, ਅੱਜ ਕਈ ਮਹੀਨੇ ਹੋ ਗਏ ਹਨ ਤੇਰੇ ਵੀਰ ਦਾ ਮੂੰਹ ਵੇਖਿਆਂ। 'ਦੁੱਖਾਂ ਦੀਆਂ ਘੜੀਆਂ ਲੰਘਣ ਵਿਚ ਨਹੀਂ ਆਉਂਦੀਆਂ। ਤੂੰ ਹੀ ਕੋਈ ਉਪਾ ਦੱਸ।
ਉਸ ਮਤਲਬੀ ਦੀਆਂ ਚੋਪੜੀਆਂ ਵੱਲ ਧਿਆਨ ਨਾ ਦਿਉ। ਉਹ ਤੁਹਾਨੂੰ ਐਵੇਂ ਰਝਾਉਂਦਾ ਹੈ। ‘ਦੁਖੜੇ ਰੋਂਦੀ ਯਾਰਾਂ ਦੇ ਲੈ ਲੈ ਨਾਂ ਭਰਾਵਾਂ ਦੇ ।" ਲੋੜ ਉਨ੍ਹੇ ਆਪਣੀ ਪੂਰੀ ਕਰਨੀ ਹੈ।
ਇਸ ਜੁਗ ਵਿੱਚ ਤਾਂ ‘ਦੁੱਖ ਦਰਦ ਦੇਹ, ਦੁੱਖ ਦਰਦ ਲੈ' ਵਾਲਾ ਹੀ ਕੰਮ ਹੈ । ਸੁੱਖ ਦਿਉ, ਸੁੱਖ ਲਉ । ਦੁੱਖ ਦਿਉ ਦੁੱਖ ਲਉ।
ਕੌੜੀ- ਇਹੀ ਹਾਲ ਹੈ ਦੁਨੀਆਂਦਾਰੀ ਦਾ। ਦੁੱਖ ਕਟਿਆ ਰਾਮ ਨਠਿਆ । ਹੁਣ ਸਤਸੰਗ ਲਾਉਣ ਦੀ ਕੀ ਲੋੜ ਹੈ ? ਕਾਕਾ ਰਾਜੀ ਹੋ ਗਿਆ ਹੈ।
ਸਾਹਿਬਾਂ- ਪਤੀ ਜੀ ! ਕਿਉਂ ਹਾਏ ਹਾਏ ਕਰਦੇ ਹੋ ? ਕਿੱਥੇ ਪੀੜ ਏ ? ਦੁਖ ਸੁਖ ਸਰੀਰ ਦਾ ਭੋਗ ਏ । ਤੁਹਾਡਾ ਹੌਸਲਾ ਤਾਂ ਨਿਆਣਿਆਂ ਨਾਲੋਂ ਵੀ ਘੱਟ ਏ । ਤੁਸੀਂ ਜਾਣਦੇ ਓ 'ਦੁੱਖ ਆਉਂਦਾ ਘੋੜੇ ਦੀ ਦੌੜ ਏ, ਜਾਂਦਾ ਜੂੰ ਦੀ ਤੋਰ ਏ' ਕੁਝ ਸਬਰ ਕਰੋ।
ਜੀਤ ਸਿੰਘ- ਆਹੋ ਸਰਦਾਰ ਜੀ, ਤੁਹਾਡੇ ਕਹਿਣ ਦੀ ਲੋੜ ਨਹੀਂ, ਮੈਨੂੰ ਜਿਵੇਂ ਆਖੋਗੇ ਉਦਾਂ ਹੀ ਕਰਾਂਗੇ। ਅਕਸਰ ‘ਦੀਵੇ ਨਾਲ ਹੀ ਦੀਵਾ ਬਲਦਾ ਹੈ' ਤੁਸੀਂ ਮੇਰਾ ਭਾਰ ਵੰਡਾਉਗੇ ਤਾਂ ਮੈਂ ਤੁਹਾਡਾ।
ਉਹ ਤੇ ਬੜਾ ਗਿਆਨ ਘੋਟਦਾ ਹੈ ਪਰ ਕਰਤੂਤ ਇਹ! ਦੀਵੇ ਥੱਲੇ ਹਨੇਰਾ ਹੀ ਤਾਂ ਹੁੰਦਾ ਹੈ।
ਮੇਰੇ ਘਰ ਅੱਜ ਪੁੱਤਰ ਜੰਮਿਆ ਹੈ। ਅੱਜ ਜਨਮ ਜਨਮਾਤਰਾਂ ਦਾ ਹਨੇਰਾ ਦੂਰ ਹੋਇਆ ਹੈ । 'ਦੀਵਾ ਬਲਿਆ ਹਨੇਰਾ ਟਲਿਆ।'
ਮੁਨਸ਼ੀ - ਕਾਕਾ, ਤੇਰਾ ਤਾਂ ਇਹ ਹਾਲ ਹੈ ਕਿ 'ਦਿੱਲੀ ਦੇ ਬਾਂਕੇ, ਬਗਲ ਵਿੱਚ ਇੱਟਾਂ’, ਖੱਟਦਾ ਕਮਾਦਾਂ ਤਾਂ ਤੂੰ ਕੁਝ ਨਹੀਂ, ਪਰ ਨਖਰਾ ਬੜਾ ਕਰਦਾ ਹੈਂ।
ਤੂੰ ਭਾਵੇਂ ਦੱਸ ਭਾਵੇਂ ਨਾ ਦੱਸ ਗੱਲ ਮੈਂ ਤੇਰੀ ਸਮਝ ਲਈ ਹੈ। 'ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ।'