ਗੰਗਾ ਦਈ—ਭੈਣ ! ਹੁਣ ਤੁਸੀਂ ਉਸ ਦੀਆਂ ਮਿੰਨਤਾਂ ਕਰਦੇ ਹੋ ਪਰ ਜਦ ਉਹ ਤੁਸਾਂ ਨੂੰ ਇਸ ਤੋਂ ਵੀ ਵਧੀਆ ਚੀਜ਼ ਦੇ ਰਿਹਾ ਸੀ ਤੁਸੀ ਕੰਨ ਵੀ ਨਹੀਂ ਧਰਦੇ ਸੀ। ਤੁਹਾਡੀ ਤਾਂ ਉਹੀ ਗੱਲ ਹੋਈ ਨਾ ਅਖੇ 'ਦਿਤੀ ਖਲ ਨਾ ਖਾਂਦੀ ਤੇ ਕੋਹਲੂ ਚੱਟਣ ਜਾਂਦੀ।'
ਕਰੀਮ - ਮੀਆਂ ਦੀ ਸ਼ਕਲ ਕੇਹੀ ਚੰਗੀ ਹੈ, ਪਰ ਇਸ ਨਾਲ ਰੱਬ ਕਿਸੇ ਨੂੰ ਵਾਹ ਨਾ ਪਾਵੈ, ਇਹ ਤਾਂ 'ਦਿਸਣ ਦਾ ਬਗਲਾ ਤੇ ਮੱਛੀਆਂ ਦਾ ਟਰਕਾਊ' ਹੈ।
ਦਿਆ ਸਭ ਤੋਂ ਵਡਾ ਧਰਮ ਹੈ । ਦਿਆ ਬਿਨਾਂ ਮਨੁੱਖ ਪਸ਼ੂ ਸਮਾਨ ਹੈ। 'ਦਿਆ ਬਿਨ ਸਿੱਧ ਵੀ ਕਸਾਈ ਹੈ'।
ਮਹਾਰਾਜਾ ਰਣਜੀਤ ਸਿੰਘ ਬੜੇ ਰਹਿਮ ਦਿਲ ਸਨ। ਉਹ ਸਮਝਦੇ ਸਨ ਜੁ ਦਿਆ ਬਰਾਬਰ ਧਰਮ ਨਹੀਂ। ਵੱਡੇ ਤੋਂ ਵੱਡੇ ਅਪਰਾਧ ਲਈ ਵੀ ਉਹ ਕਿਸੇ ਨੂੰ ਫਾਂਸੀ ਨਹੀਂ ਸਨ ਦਿੰਦੇ।
ਹਕੀਮ- ਸਰਦਾਰ ਜੀ, ਕੀ ਕੀਤਾ ਜਾਵੇ, ਅੱਜ ਕੱਲ ਤਾਂ ਬਾਹਲੇ ਮਨੁੱਖ ਇਸੇ ਰੂਪ ਵਿੱਚ ਹਨ 'ਦਾੜੀ ਸ਼ੇਖਾਂ ਦੀ, ਤੇ ਕੰਮ ਸ਼ੈਤਾਨ ਵਾਲੇ। ਇਸ ਦਾ ਉਪਾਅ ਔਖਾ ਹੀ ਹੈ ।
ਮਾਰ ਕਿਤੇ ਵਿਹੜਾ ਸੰਬਰ, ਕਿਤੇ ਚੌਕਾ ਪੋਚ, ਕਿਤੇ ਭਾਂਡੇ ਚਿਲਕਾ । ਮੈਂ ਤਾਂ ਵਡੇ ਵੇਲੇ ਹੀ ਸਮਝ ਲਿਆ ਸੀ ਕਿ ਅੱਜ ਕੁਝ 'ਦਾਲ ਵਿੱਚ ਕਾਲਾ ਜ਼ਰੂਰ ਆ ।
ਕਈ ਬੱਚੇ ਹੁੰਦੇ ਗ਼ਰੀਬ ਹਨ, ਪਰ ਰੀਸ ਉਨ੍ਹਾਂ ਦੀ ਕਰਦੇ ਹਨ ਜੋ ਅਮੀਰ ਹੁੰਦੇ ਹਨ। ਅਜੇਹੀ ਰੀਸ ਦੁੱਖ ਦੇਂਦੀ ਹੈ । ਚਾਹੀਦਾ ਇਹ ਹੈ ਪਈ 'ਦਾਲ ਰੋਟੀ ਖਾਹ ਤੇ ਨੱਕ ਦੀ ਸੇਧੇ ਜਾਹ।'
ਭੈਣ, ਤੇਰੀ ਇਹ ਬੜੀ ਭੈੜੀ ਵਾਦੀ ਹੈ, ਕਿ ਪਹਿਲਾਂ ਜ਼ਰੂਰ ਝਗੜਾ ਪਾਣਾ, ਤੇ ਫੇਰ ਟਿਕਾਣੇ ਵੀ ਆ ਜਾਣਾ। ਤੇਰਾ ਤਾਂ ਇਹ ਹਾਲ ਹੈ ਅਖੇ 'ਦਾਲ ਚੌਲ ਰਿਨ੍ਹਾਏ, ਝਖ ਮਾਰ ਖਿਚੜੀ ਖਾਏ।'
ਅੱਜ ਕੱਲ੍ਹ ਦੇ ਜੰਟਲਮੈਨਾਂ ਦਾ ਇਹੀ ਹਾਲ ਹੈ, ਅਖੇ ‘ਦਾਲ ਅਲੂਣੀ, ਕੱਪੜੇ ਸਬੂਨੀ' ਬਾਹਰ ਦਾ ਹੀ ਦਿਖਾਵਾ ਹੈ । ਅੰਦਰੋਂ ਪੋਲ਼ੇ ਹਨ।
ਪਹਿਲਾਂ ਹੋਸ਼ ਕਰਨੀ ਸੀ, ਵਿਆਜ ਉੱਤੇ ਲਿਆ ਰੁਪਿਆ ਸਦਾ ਦੁਖ ਦੇਂਦਾ ਹੈ। 'ਦਾਮ ਬਿਆਜੀ, ਖੇਤ ਪਿਆਜੀ' ਵਿਆਜ ਤਾਂ ਕੌੜੀ ਵੇਲ ਵਾਂਗ ਵਧਦਾ ਹੈ।
ਬਾਬਾ- ਸਿੰਘ ਜੀ ! ਦਾਨ ਕਰਨਾ ਬੜਾ ਚੰਗਾ ਕੰਮ ਹੈ, ਪਰ ਜੇ ਵਿੱਤ ਅਨੁਸਾਰ ਕੀਤਾ ਜਾਏ, ਨਹੀਂ ਤਾਂ ਦਾਨੀ ਵੀ ਦੁਖੀ ਹੋਣ ਲੱਗ ਪੈਂਦਾ ਹੈ। 'ਦਾਨ ਵੀ ਵਿੱਤ ਸਮਾਨ ਹੀ ਹੋਣਾ ਚਾਹੀਦਾ ਹੈ।'
ਦੁਨੀਆਂ ਵਹਿਮਾਂ ਤੇ ਭਰਮਾਂ ਦੀ ਸ਼ਿਕਾਰ ਹੈ। ਇੱਕ ਦਾ ਲੜ ਨਹੀਂ ਫੜਦੀ, 'ਦਾਦੂ ਦੁਨੀਆਂ ਬਾਵਰੀ, ਮੜ੍ਹੀਆਂ ਪੂਜਨ ਊਤ।'