ਜੱਟਾਂ ਨੂੰ ਤਾਂ ਬੀ ਪਾਉਣ ਦੇ ਢੰਗ ਵੀ ਪਤਾ ਨਹੀਂ । ਸਿਆਣਿਆਂ ਨੇ ਕਿਹਾ ਹੈ 'ਪੋਰਾ ਪਾਦਸ਼ਾਹ, ਕੇਰਾ ਵਜ਼ੀਰ ਤੇ ਛਟਾ ਪਖੀਰ।' ਸਭ ਤੋਂ ਚੰਗਾ ਢੰਗ ਪੋਰੇ ਦਾ ਹੀ ਹੈ, ਉਸ ਤੋਂ ਹੇਠਾਂ ਕੇਰੇ ਦਾ ਤੇ ਸਭ ਤੋਂ ਅਖੀਰ ਛਿਟੇ ਦਾ।
ਕਿਰਪਾ ਸ਼ਾਹ- ਚੱਲ, ਜਾਹ ਮੇਰੀਆਂ ਅੱਖਾਂ ਅੱਗੋਂ ਕੁੱਤਿਆ, ‘ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਜਵਾਬ ਪਿਆ ਕਰਦਾ ਏ, ਅੱਗੋਂ ਆਕੜ ਆਕੜ।
ਕਿਹਾ ਸੋਹਣਾ ਚੌੜਾ ਮੱਥਾ ਹੈ, ਕਿੰਨਾਂ ਦਿਉ ਜਿਹਾ ਕੱਦ ਤੇ ਭਾਰਾ ਗੋਰਾ ਸਿਰ ਹੈ । ਇਹ ਜ਼ਰੂਰ ਕੋਈ ਵੱਡਾ ਆਦਮੀ ਹੈ। ਐਵੇਂ ਨਹੀਂ ਸਿਆਣਿਆਂ ਨੇ ਆਖਿਆ 'ਪੈਰ ਵੱਡੇ ਗਵਾਰਾਂ ਦੇ ਸਿਰ ਵੱਡੇ ਸਰਦਾਰਾਂ ਦੇ'।
ਉਸ ਮੂਰਖ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ । ਉਸ ਚਲਾਕ ਨੂੰ ਆਪਣਾ ਭੇਦ ਦੱਸ ਕੇ ਬੜੀ ਜ਼ਬਰਦਸਤ ਗ਼ਲਤੀ ਕੀਤੀ ਹੈ। ਚਲੋ ਸਾਨੂੰ ਕੀ, ਆਪੇ ਭੁਗਤੇਗਾ ।
ਤੁਸੀਂ ਸੱਚ ਆਖਦੇ ਸੀ- 'ਪੈਸੇ ਵਾਲੀ ਦਾ ਹੀ ਬਾਲ ਖੇਡਦਾ ਹੈ।' ਧਨ ਨਾਲ ਹੀ ਸਾਰੇ ਸੁੱਖ ਨੇ।
ਦੂਲੋ—(ਖੁਸ਼ ਹੋਕੇ) ਬਹੁਤ ਅੱਛਾ, ਸਰਕਾਰ ਸਵੇਰ ਤੋਂ ਸ਼ਾਮ ਤਾਈਂ ਤਾਂ ਰੋਜ਼ ਹੀ ਨੂੜਿਆ ਰਹਿੰਦਾ ਹਾਂ। 'ਪੈਸੇ ਵਾਧੂ ਤੇ ਹਸਾਨ ਮੁਫਤ।'
ਪਰ ਰੱਬ ਦੀ ਕੁਦਰਤ, ਆਪਦੀ ਆਮਦਨੀ ਵਿਚ ਜਿੰਨਾ ਵਾਧਾ ਹੁੰਦਾ ਜਾਂਦਾ ਹੈ, ਓਨਾ ਹੀ ਦਿਲ ਦੀ ਗੁਥਲੀ ਭੀੜੀ ਹੁੰਦੀ ਜਾਂਦੀ ਹੈ। ਹੁਣ ਤਾਂ ਆਪਨੇ ਇਕੋ ਗੁਰ ਪੱਲੇ ਬੰਨ੍ਹ ਲਿਆ ਹੈ ਕਿ 'ਪੈਸੇ ਨੂੰ ਪੈਸਾ ਕਮਾਂਦਾ ਹੈ' ।
ਸ਼ਾਹ- ਸਰਦਾਰ ਜੀ, ਸਾਡਾ ਕੀ ਵਿਗੜਿਆ ਏ। ਅਖੇ ‘ਪੈਸੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਰਖੀ ਗਈ।' ਸ਼ੁਕਰ ਹੈ ਥੋੜਾ ਹੀ ਨੁਕਸਾਨ ਹੋਕੇ ਉਸਦੀ ਕਮੀਨਗੀ ਦਾ ਪਤਾ ਲੱਗ ਗਿਆ । ਨਹੀਂ ਤਾਂ ਪਤਾ ਨਹੀਂ ਕਿੰਨਾ ਵੱਡਾ ਧੋਖਾ ਖਾਂਦੇ ?
ਨੱਥੂ ਸ਼ਾਹ ਦੀ ਗੱਲ ਹੀ ਨਾ ਕਰੋ। ਉਸਦਾ ਤਾਂ ਇਹ ਹਾਲ ਹੈ ਕਿ 'ਪੈਸਾ ਪੱਲੇ ਨਾ ਤੇ ਨਾਉਂ ਕਰੋੜੀ ਮੱਲ'। ਅੰਦਰੋਂ ਫੋਕੇ ਤੇ ਬਾਹਰੋਂ ਦਮ ਗਜੇ।
ਓਇ ਰਾਮਿਆਂ, ਤੂੰ ਪ੍ਰਦੇਸ ਵੀ ਛਾਣ ਆਇਓਂ, ਪਰ ਧੰਨ ਕੋਈ ਨਾਂ ਜਮਾਂ ਕਰ ਸਕਿਓਂ । ਇਹ ਕੀ? ਰਾਮੇ ਨੇ ਹੱਸ ਕੇ ਉੱਤਰ ਦਿਤਾ, ਅਖੇ 'ਪੈਸਾ ਨਾ ਬੱਧਾ, ਢਿੱਡ ਸੁਖਾਂ ਲੱਧਾ'।
ਓਇ ਕਦੀ ਪੈਸਾ ਵੀ ਖੋਟਾ ਹੋਇਆ ਹੈ ? 'ਪੈਸਾ ਖੋਟਾ ਨਹੀਂ ਤੇ ਜੱਟੀ ਰੰਡੀ ਨਹੀਂ" ਦੋਵੇਂ ਕਿਤੇ ਨਾ ਕਿਤੇ ਚਲ ਹੀ ਨਿਕਲਦੇ ਹਨ।
ਬੁੱਢਾ-ਇਹ ਮੇਰੇ ਕਰਮਾਂ ਦੀ ਖੇਡ ਹੈ, ਪੁੱਤਰ ਜੇ ਚੰਗੇ ਹੁੰਦੇ ਤਾਂ ਫਿਰ ਕੀ ਸੀ ? ਸਿਆਣਿਆਂ ਨੇ ਸੱਚ ਕਿਹਾ ਹੈ 'ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼'।