ਮੰਨਿਆ ਬਈ ਤੁਹਾਡਾ ਲੋਕਾਂ ਤੋਂ ਲਹਿਣਾ ਬੜਾ ਏ ਪਰ ਜੇ ਲੋਕੀਂ ਨਾ ਦੇਣ ਤਾਂ ਫਿਰ ਕੀ ਕਰੋਗੇ। ਭਾਈ ਸਾਹਿਬ 'ਪੈਸਾ ਸੋ ਜੋ ਹੋਵੇ ਗੰਢ, ਵਿੱਦਿਆ ਸੋ ਜੋ ਹੋਵੇ ਕੰਠ।'
ਉਹ ਤਾਂ ਸਾਡੇ ਸਾਰੇ ਅਗਲੇ ਪਿਛਲਿਆਂ ਦੀ ਇੱਜ਼ਤ ਨੂੰ ਛੱਜ ਵਿਚ ਪਾਕੇ ਛੱਟਣ ਤੇ ਛਾਨਣੀ ਵਿਚ ਪਾਕੇ ਛਾਣਨ ਤੇ ਉੱਤਰ ਪਈ। ਮੈਥੋਂ ਕੀ ਪੁੱਛਦੇ ਹੋ। ਆਖੇ 'ਪੇਟ ਪਾੜਾਂ ਤੇ ਪੱਟੀ ਕਿੱਥੇ ਬੰਨ੍ਹਾਂ ?' ਇਹ ਗੱਲਾਂ ਕੋਈ ਦੱਸਣ ਜੋਗੀਆਂ ਨੇ ?
ਠੀਕ ਹੈ ਭਾਈ ! ਮਨ ਰਾਜ਼ੀ ਹੋਵੇ ਤਾਂਹੀਉਂ ਈ ਹਰੀ ਵੱਲ ਵੀ ਧਿਆਨ ਕਰ ਸਕੀਦਾ ਹੈ । ਜੇ 'ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ ।'
ਭਲਾ ਮਿਲਣ ਦਾ ਥਾਂ ਕਿਹੜਾ ਚੁਣਿਆ ਸੂ ? ਕਸੂਰ ਨਾ ਲਾਹੌਰ ਨਾ ਅੰਮ੍ਰਿਤਸਰ। ਪੇਕੇ ਨਾ ਸਹੁਰੇ, ਤੇ ਡੁੱਬ ਮੋਈ ਨਨਿਹੋਰੇ । ਭਲਾ ਅਸੀਂ ਉਥੋਂ ਦਾ ਕੁਝ ਲਾਹ ਲੈਣਾ ਸੀ ।
ਸੁੱਖੀ ਸਾਂਦੀ ਵਸਦੀ ਏ । ਕੋਈ ਕੀ ਪ੍ਰਵਾਹ ਕਰੇ ਉਸਦੀ। ‘ਪੇਕੇ ਗਈਆਂ ਦੀ ਖੈਰ ਕੌਣ ਦਏ।'
ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀ ਗਢ ਪਵੈ ਸੰਸਾਰਿ ॥
ਹਾਂ ਬੇਬੇ, ਸੁਖੀ ਹਾਂ 'ਪੁਤੜਿਉਂ ਭਾਗ, ਕੋਈ ਲਿਆਵੇ ਲਕੜੀਆਂ, ਕੋਈ ਲਿਆਵੇ ਸਾਗ।' ਸਾਰੇ ਕੁਝ ਨਾ ਕੁਝ ਕਮਾਈ ਕਰਦੇ ਹਨ । ਝਟ ਚੰਗਾ ਲੰਘ ਰਿਹਾ ਹੈ।
ਦੁਨੀਚੰਦ—ਕਿਹਾ ਵਿਰਲਾਪ ? ਕੀ ਹੋਇਆ ? ਕਿਉਂ ਡੰਡ ਪਾਈਏ ? ਬਸ ਚੁਪ ਹੋ ਜਾ,ਦੰਦਾਂ ਹੇਠ ਜੀਭ ਦੇ ਦੇ । ਤੇਰੀ ਬੱਚੀ ਨਹੀਂ, ਵੈਰਣ ਏ । ‘ਪੁੱਤਰਾਂ ਧੀਆਂ ਨੂੰ ਖਵਾਈਏ ਜਵਾਈਆਂ ਵਾਂਗ, ਵੇਖੀਏ ਕਸਾਈਆਂ ਵਾਂਗ। ਜਦ ਉਹ ਮੇਰੇ ਆਖੇ ਵਿੱਚ ਨਹੀਂ, ਉਹ ਧੀ ਕਾਹਦੀ ਹੋਈ।
ਕਿੰਨੀ ਸੇਵਾ ਕੀਤੀ ਮਿੱਤਰ ਜਾਣਕੇ । ਅੰਤ ਮੇਰੇ ਹੀ ਸਿਰ ਤੇ ਸੁਆਹ ਪਾ ਕੇ ਤੁਰਦਾ ਹੋਇਆ । ਠੀਕ ਹੀ ਹੈ ‘ਪੁਤ ਬਿਗਾਨੇ ਚੱਟਣੇ, ਮੂੰਹ ਲਾਲੀ ਭਰਨੇ।'
ਮਾਂ- ਪੁੱਤ ! ਇਹ ਸ਼ਕੀਨੀ ਚੰਗੀ ਨਹੀਂ । ਅਸੀਂ ਗ਼ਰੀਬ ਹਾਂ ਗ਼ਰੀਬੀ ਦਾਵੇ ਹੀ ਸਾਨੂੰ ਰਹਿਣਾ ਚਾਹੀਦਾ ਹੈ। 'ਪੁਤ ਫਕੀਰਾਂ ਦੇ ਚਾਲ ਅਹਿਦੀਆਂ ਦੀ ਸੋਭਦੀ ਨਹੀਂ।'
ਨਾਰ ਭਤਾਰਹੁ ਬਾਹਰੀ ਸੁਖ ਸੇਜ ਨ ਚੜ੍ਹੀਐ। ਪੁਤ ਨ ਮੰਨੈ ਮਾਪਿਆਂ ਕਮਜ਼ਾਤੀ ਵੜੀਐ ।
ਬਹੁਤ ਬਹੁਤ ਵਧਾਈ ਹੋਵੇ ਲੜਕੇ ਦੀ ਤੁਸਾਂ ਸਾਨੂੰ ਖਬਰ ਨਹੀਂ ਦਿੱਤੀ, ਪਰ ਪੁਤ ਜੰਮੇ ਚੰਦ ਚੜ੍ਹੇ ਲੁਕਦੇ ਨਹੀਂ।