ਸ਼ਾਹ ! ਤੁਸੀਂ ਖਤਰੀ ਜੰਮਦੇ ਹੀ ਭਾਗ ਲੈ ਕੇ ਜੇ, ਤੁਸਾਡੇ ਵਿਚੋਂ ਸਾਰੇ ਹੀ ਆਪੋ ਆਪਣੇ ਕੰਮਾਂ ਵਿੱਚ ਤਕੜੇ ਹੁੰਦੇ ਨੇ। ‘ਪੁਤ ਜੰਮਣ ਖ਼ਤਰਾਣੀਆਂ ਵਿੱਚ ਵਿੱਚ ਬਾਹਮਣੀਆਂ । ਬਾਕੀ ਤਾਂ ਬਸ ਚੱਕੀ ਪੀਹਣ ਹੀ ਆਏ ਨੇ।
ਪੁਤ ਜਣੇ ਵੜ ਕੋਠੜੀ, ਬਾਹਿਰ ਜਗ ਜਾਣੇ । ਧਨ ਧਰਤੀ ਵਿਚ ਦਬੀਐ ਮਸਤਕ ਪਰਵਾਣੇ ।
ਰੱਬ ਇਸ ਬਾਲਕ ਨੂੰ ਬੜਾ ਵੱਡਾ ਬਣਾਵੇਗਾ, ਹੁਣੇ ਹੀ ਇਸ ਦੇ ਲੱਛਣ ਦਿਸ ਰਹੇ ਹਨ। ਪੁਤ ਕਪੁੱਤ ਪੰਘੂੜਿਓਂ ਹੀ ਪਛਾਣੇ ਜਾਂਦੇ ਨੇ।
ਪੁੱਤਰ ਭਾਵੇਂ ਅੱਗੇ ਧੀਆਂ ਪੁੱਤਾਂ ਵਾਲਾ ਹੋ ਜਾਇ ਤੇ ਉਸ ਦਾ ਮਾਂ ਪਿਉ ਲਈ ਪਿਆਰ ਸਤਿਕਾਰ ਘਟ ਜਾਇ ਪਰ ਮਾਂ ਦਾ ਪਿਆਰ ਓਨੇ ਦਾ ਓਨਾ ਹੁੰਦਾ ਹੈ। 'ਪੁਤ ਕਪੁੱਤ ਹੁੰਦੇ ਆਏ ਨੇ ਮਾਪੇ ਕੁਮਾਪੇ ਨਹੀਂ ਹੁੰਦੇ।
ਮੀਆਂ ਜੀ ! ਠੇਕਾ ਤਾਂ ਖਤਮ ਹੋ ਗਿਆ, ਪਰ ਬਚਿਆ ਕੱਖ ਨਹੀਂ । ਇਤਨਾ ਕੁਝ ਕਰ ਕੇ ਵੀ ਲੇਖਾ ਉੱਥੇ ਹੀ ਰਿਹਾ। ਅਖੇ ‘ਪੁੱਠੀ ਪਾ ਕੇ ਲੇਖਾ ਪਾਇਆ, ਨਾ ਚਾਚਾ ਗਿਆ ਨਾ ਚਾਚਾ ਆਇਆ।'
ਪੁਲੀਸ ਨੇ ਪੂਰੇ ਜ਼ੋਰ ਨਾਲ ਤਫ਼ਤੀਸ਼ ਕੀਤੀ । ਇਲਾਕੇ ਦੇ ਬਦਮਾਸ਼ਾਂ ਤੋਂ ਪੂਰੀ ਪੁੱਛ ਗਿੱਛ ਕੀਤੀ ਪਰ ਨਤੀਜਾ ਕੀ ਨਿਕਲਿਆ, ਉਹੀ 'ਪੁਟਿਆ ਪਹਾੜ ਤੇ ਨਿਕਲਿਆ ਚੂਹਾ'। ਸ਼ਾਹ ਦੇ ਘਰ ਡਾਕਾ ਮਾਰਨ ਵਾਲਾ ਇਸ਼ਤਹਾਰ ਬੱਚਿਆਂ ਨੇ ਸ਼ਾਹ ਨਾਲ ਮਖ਼ੌਲ ਕਰਨ ਕਰਕੇ ਲਾਇਆ ਸੀ।
ਹਜ਼ਾਰਾ ਸਿੰਘ ਮਾਮੂਲੀ ਜਿਹਾ ਬੰਦਾ ਸੀ, ਪਰ ਅੱਜ ਉਸਦੀ ਗੁੱਡੀ ਉਸ ਦੇ ਸਾਥੀਆਂ ਕਰਕੇ ਖੂਬ ਚੜ੍ਹੀ ਹੋਈ ਹੈ । ਠੀਕ ਹੀ ਹੈ, "ਪੀਰਾਂ ਨੂੰ ਮੁਰੀਦ ਉਡਾਂਦੇ ਨੇ।'
ਅੱਜ ਕੱਲ ਕਲਜੁਗ ਹੈ । 'ਪੀਰ ਪੈਸਾ, ਰੰਨ ਗੁਰ ਜਿਵੇਂ ਆਖੇ ਤਿਵੇਂ ਤੁਰ। ਹੋਰ ਕਿਸੇ ਦੀ ਇੱਥੇ ਪੁੱਛ ਨਹੀਂ।
ਚਲੇ ਜਾਨਾ ਆਂ ਸਾਹਿਬ ਦੇ ਪਾਸ । ਸਾਨੂੰ ਮੂੰਹ ਵਿੱਚ ਥੋੜਾ ਪਾਣ ਲੱਗਾ ? 'ਪੀਰ ਪੁਤਰ ਨ ਦਿਉ ਤਾਂ ਕੀ ਘਗਰਾ ਵੀ ਰਖ ਲਊ । ਆਖਰ ਸਾਡਾ ਭਲਾ ਨਾ ਕਰੇ ਤਾਂ ਸਾਥੋਂ ਕੀ ਖੋਹ ਲਏਗਾ ?
ਤੂੰ ਜਾਣ ਦਾ ਨਹੀਂ ਚੇਲਾ ਕਿਸ ਦਾ ਹੈ ਇਹ । ਸਾਰੇ ਜ਼ਮਾਨੇ ਦਾ ਛਟਿਆ ਹੋਇਆ ਤੇ ਚਲਾਕ ਹੈ ਇਸ ਦਾ ਗੁਰੂ ਤੇ ! ਫੇਰ ਸਿਆਣਿਆਂ ਨੇ ਐਵੇਂ ਤਾਂ ਨਹੀਂ ਨਾ ਆਖਿਆ 'ਪੀਰ ਜਿਨ੍ਹਾਂ ਦੇ ਟਪਣੇ ਚੇਲੇ ਜਾਣ ਛੜਪ।
ਭਰਾ ਜੀ, 'ਪੀਠੇ ਦਾ ਕੀ ਪੀਹਣਾ' ? ਇਸ ਗੱਲ ਨੂੰ ਬੀਤਿਆਂ ਵਰ੍ਹੇ ਤੋਂ ਉਤੇ ਹੋ ਗਿਆ, ਮੁੜ ਇਸ ਨੂੰ ਛੇੜਨ ਦਾ ਕੀ ਲਾਭ ?
ਹੁਣ ਸਾਡੇ ਵੀ ਹੱਥ ਲੱਗਿਓਂ ਸੂ ਤੇ ਯਾਦ ਈ ਪਿਆ ਕਰੇਗਾ ਨਾ। 'ਪੀਠਾ ਨਾ ਤੇ ਦਾਦੜ ਤੇ ਹੋਵੇਗਾ ਈ ਨਾ' । ਛੁਟਿਆ ਵੀ ਤੇ ਦੋ ਚਾਰ ਹਜ਼ਾਰ ਲਾ ਕੇ ਈ ਛੁਟੇਂਗਾ।