ਹੱਥ ਟੱਡਿਆ, ਪਰ ਉਸ ਨੇ ਕੱਖ ਪ੍ਰਵਾਹ ਨਾ ਕੀਤੀ । ਕੱਲ ਤੀਕ ਉਹ ਮੇਰੇ ਮਗਰ ਮਗਰ ਰੁਪਏ ਲਈ ਫਿਰਦਾ ਸੀ। ਸੱਚ ਹੈ, 'ਬਿਨ ਮਾਂਗੈ ਮੋਤੀ ਮਿਲੈ, ਮਾਂਗੇ ਮਿਲੇ ਨਾ ਭੀਖ'।
ਮੇਰਾ ਤਾਂ ਉਸ ਵਕਤ ਇਹ ਹਾਲ ਸੀ ਅਖੇ 'ਬਿਟ ਬਿਟ ਤੱਕੇ, ਬੋਲ ਨਾ ਸਕੇ । ਉਹ ਸਵਾਲ ਪੁੱਛੇ, ਪਰ ਮੇਰੇ ਮੂੰਹ ਵਿੱਚ ਜਿਵੇਂ ਦੰਦਣ ਪਿਆ ਹੋਇਆ ਸੀ।
ਰੱਬ ਦੇ ਰੰਗ ਨੇ। ਉਹ ਵਿਚਾਰਾ ਮਾੜਾ ਜੋ ਸੀ। ਉਸ ਨੇ ਹੋਰ ਦੁੱਖ ਸਹਿਣੇ ਸਨ। ਸੱਚ ਹੈ 'ਬਿਜਲੀ ਕਹੂ ਤੇ ਹੀ ਪੈਂਦੀ ਹੈ' !
ਜਿਸਨੇ ਜੀਵਨ ਵਿੱਚ ਨਿਕੀ ਮੋਟੀ ਬਾਜੀ ਹੀ ਲਾਈ ਹੋਵੇ ਉਹੀ ਬਹੁਤ ਰੋਂਦਾ ਹੈ। ਜਿਸਨੇ ਵੱਡਾ ਦੁਖ ਦੇਖਿਆ ਹੋਵੇ ਉਹ ਤੱਤਾ ਠੰਢਾ ਸਭ ਸਹਿ ਗੁਜ਼ਰਦਾ ਹੈ। ਅਖੇ 'ਬਿੱਛੂ ਦਾ ਕਟਿਆ ਰੋਵੇ ਤੇ ਸੱਪ ਦਾ ਕਟਿਆ ਸੋਵੇ।'
ਤੇਰੀ ਸਾਰੀ ਟੈਂ ਤਾਂ ਤੇਰੇ ਸਹੁਰੇ ਦੇ ਆਸਰੇ ਹੈ । ਤੂੰ ਤਾਂ “ਬਿਗਾਨੀ ਦਮੀਂ ਸ਼ਾਹੂਕਾਰ' ਹੈਂ । ਫਿਰ ਆਕੜ ਕਾਹਦੀ ?
ਭਰਾ ਜੀ, ਹੁਣ ਜੋ ਪਛਤਾਉਂਦੇ ਹੋ, ਪਹਿਲਾਂ ਹੋਸ਼ ਕਰਨੀ ਸੀ । 'ਬਿਗਾਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ । ਤੁਸਾਂ ਪਰਾਈ ਆਸ ਤੇ ਕਿਉਂ ਮਹਿਲ ਉਸਾਰਿਆ ?
ਭਾਈ, 'ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹ ਲਈਦੀ।' ਅਸੀਂ ਸਰਦਾਰਾਂ ਦੀ ਰੀਸ ਕਰਕੇ ਕੁੜੀ ਦੇ ਵਿਆਹ ਤੇ ਉਜਾੜਾ ਕਿਵੇਂ ਪੁਆ ਦੇਈਏ ?
ਬਿਗਾਨੇ ਘਰ ਦਾ ਕੀ ਕਹਿਣਾ ? ਉੱਥੇ ਹਰ ਇਕ ਗੱਲ ਦੂਜੇ ਦੀ ਮਰਜ਼ੀ ਅਨੁਸਾਰ ਕਰਨੀ ਪੈਂਦੀ ਹੈ। ਸਿਆਣਿਆਂ ਨੇ ਸੱਚ ਕਿਹਾ ਹੈ 'ਬਿਗਾਨਾ ਘਰ, ਥੁੱਕਾਂ ਦਾ ਭੀ ਡਰ'।
ਬੜਾ ਅਨ੍ਹੇਰ ਹੋਇਆ, ਰੱਖੀ ਮਰ ਗਈ। ਵਿਚਾਰੀ ਦਾ ਦੁੱਧ ਪੀਂਦਾ ਬਾਲ ਕੁੱਛੜ ਸੀ । ਰੱਬ ਕਰੇ 'ਬਾਲ ਦੀ ਮਾਂ ਨਾ ਮਰੇ ਬੁੱਢੇ ਦੀ ਜੋਰੂ' ਦੋਹਾਂ ਲਈ ਵਖ਼ਤ ਹੀ ਹੈ।
ਲਾਭ ਉਠਾਉਣ ਦਾ ਇਹ ਕਿਹੜਾ ਰਾਹ ਹੈ ? ਅਖੇ 'ਬਾਲ ਦਾ ਪੱਜ, ਤੇ ਮਾਂ ਦਾ ਰੱਜ'। ਨਾਂ ਲੈਣਾ ਹੋਰਨਾਂ ਦਾ ਤੇ ਖਾਣਾ ਆਪ ।
ਕਹਿੰਦੇ ਹਨ ਪੰਡਤ ਜੀ ਦੇ ਸੁਰਗਵਾਸ ਹੋਣ ਤੇ ਉਹਨਾਂ ਦੇ ਕੁੱਤੇ ਮਧੂ ਨੇ ਬੜਾ ਅਫਸੋਸ ਮਨਾਇਆ । ਕੁੱਤਾ ਮਹਿਸੂਸ ਵੀ ਕਿਉਂ ਨਾ ਕਰਦਾ । ਪੰਡਤ ਜੀ ਉਸ ਨੂੰ ਬੜਾ ਹੀ ਪਿਆਰ ਕਰਦੇ ਸਨ ਤੇ ਬਾਲ ਤੇ ਪਸ਼ੂ ਹੁੰਦੇ ਹੀ ਭੁੱਖੇ ਪ੍ਰੀਤ ਦੇ ਹਨ।
'ਬਾਲ ਕੁਬਾਲ ਪੰਘੂੜਿਉਂ ਈ ਸੰਜਾਪੇ ਜਾਂਦੇ ਨੇ' । ਇਹ ਬੱਚਾ ਵੱਡਾ ਹੋ ਕੇ ਜ਼ਰੂਰ ਨਾਮਣਾ ਖੱਟੇਗਾ।