ਦੂਜਾ ਕਾਰਨ ਇਹ ਕਿ ਮੁੰਡਾ ਵੀ ਸੁੱਖ ਨਾਲ ਸੱਤੇ ਕੁਲਾਂ ਤਾਰਨ ਵਾਲਾ ਨਿਕਲਿਆ। ਜਿਉਂ ਦੀ ਉਸ ਨੇ ਹੋਸ਼ ਸੰਭਾਲੀ ਹੈ, ‘ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ' ਵਾਲੇ ਚਾਲੇ ਫੜ ਲਏ ਹਨ।
ਮੈਂ ਆਪਣੇ ਦੁੱਖ ਰੋਵਾਂ ਉਹ ਆਪਣੀ ਹੀ ਮਾਰੀ ਜਾਵੇ। ਅਖੇ ‘ਭੁੱਖੇ ਅੱਗੇ ਬਾਤ ਪਾਈ, ਉਸ ਕਿਹਾ ਰੋਟੀ।' ਸੱਚ ਹੈ ਹਰ ਇੱਕ ਨੂੰ ਆਪਣੀ ਹੀ ਗਰਜ਼ ਪਿਆਰੀ ਹੈ।
ਅਤੁੱਟ ਲੰਗਰ ਗੁਰੂ ਕਾ ਲੱਗਾ ਹੋਇਆ ਸੀ । 'ਭੁੱਖਿਆਂ ਨੂੰ ਬੇਰ, ਤਿਹਾਇਆਂ ਨੂੰ ਗੰਨੇ' ਜੋ ਮੂੰਹ ਮੰਗੋ ਝੱਟ ਮਿਲਦਾ ਸੀ।
ਮੈਂ ਚੋਰੀ ਕੀਤੀ ਹੈ, ਪਰ ਨੀਅਤ ਨਹੀਂ ਸੀ। ਭੁੱਖ ਨੇ ਲਚਾਰ ਕੀਤਾ, ਅਖੇ 'ਭੁੱਖਾ ਮਰੇ ਕੀ ਨਾ ਕਰੇ।
ਭੁੱਖੀ ਸਾਮੀ ਸੀ, ਉਸ ਪਾਸੋਂ ਕੀ ਮਿਲਣਾ ਸੀ ? ‘ਭੁੱਖਾ ਦੇਂਦਾ ਬੁੱਥਾ’ ਉਲਟਾ ਅੱਖਾਂ ਕੱਢਣ ਲੱਗਾ।
ਗ਼ਰੀਬੀ ਹੱਥੋਂ ਤੰਗ ਆ ਕੇ ਮੈਂ ਆਪਣੀ ਲੋਈ ਵੇਚਣੀ ਕੀਤੀ। ਗਾਹਕ ਆਖੇ ਪੈਸੇ ਫਿਰ ਲੈ ਜਾਈਂ। ਅਖੇ ਭੁੱਖਾ ਜੋਰੂ ਵੇਚੇ ਤੇ ਰੱਜਿਆ ਹੁਦਾਰੀ ਮੰਗੇ।
ਅਸਾਂ ਆਖਿਆ ਹੋਰ ਮਿਹਨਤ ਕਰੀਏ ਮੁੰਡੇ ਜਵਾਨ ਹੋ ਜਾਣ ਤਾਂ ਗ਼ਰੀਬੀ ਹਟੇਗੀ। ਪਰ 'ਭੁੱਖਾ ਜਦ ਮੂਲੀ ਖਾਏ, ਮੂਲੀ ਭੁਖ ਅਗਲੇਰੀ ਲਾਏ', ਸਗੋਂ ਹੁਣ ਉਨ੍ਹਾਂ ਦੀ ਰੋਟੀ ਰੁਜ਼ਗਾਰ ਦੀ ਚਿੰਤਾ ਆਪਣੇ ਨਾਲੋਂ ਵੀ ਵਧੀਕ ਪੈ ਗਈ ਹੈ।
ਰਲੇ ਸ਼ਾਹ ਨੂੰ ਜਦ ਵੀ ਵੇਖੋ ਕਿਸੇ ਸਾਮੀ ਦੀ ਪੜਤਾਲ ਵਿੱਚ ਵਹੀਆਂ ਹੀ ਫੋਲਦਾ ਦਿਸਦਾ ਹੈ । ਕਰੇ ਵੀ ਕੀ ? ‘ਭੁੱਖਾ ਕਿਰਾੜ ਵਹੀਆਂ ਫੋਲੇ' ਹੱਟੀ ਉਤੇ ਕੰਮ ਜੋ ਘੱਟ ਗਿਆ।
ਉਹਦੇ ਗੁੱਸੇ ਦੀ ਪਰਵਾਹ ਨਾ ਕਰੋ ਬਹੁਤੀ ! 'ਭੁੱਖਾ ਸੋ ਰੁੱਖਾ' ਵਿਚਾਰੇ ਦੇ ਹੱਥ ਪਲੇ ਕੁਝ ਨਾ ਹੋਣ ਕਰਕੇ ਚਿੜਚਿੜੇ ਸੁਭਾ ਦਾ ਹੋ ਗਿਆ ਹੈ।
ਤੂੰ ਰੱਜਿਆ ਹੋਇਆ ਹੈਂ, ਤਦੇ ਤੈਨੂੰ ਰੱਬ ਸੁੱਝਦਾ ਹੈ। ਸਾਨੂੰ ਰੋਟੀ ਕਮਾਣ ਤੋਂ ਵਿਹਲ ਨਹੀਂ, ਪਰਮਾਰਥ ਦਾ ਕਿਵੇਂ ਸੋਚੀਏ ? ‘ਭੁਖ ਲਗੇ ਤਾਂ ਤੰਦੂਰ ਦੀ, ਪੇਟ ਭਰੇ ਤਾਂ ਦੂਰ ਦੀ।'
ਸਾਧੂ- ਰੋਟੀ ਦੀ ਘਾਟ ਮਨੁੱਖ ਨੂੰ ਹੀਣਾ ਨਿਤਾਣਾ ਤੇ ਬੇਅਣਖਾ ਬਣਾ ਦੇਂਦੀ ਹੈ। ਅਖੇ 'ਭੁਖ ਭੜਥੂ ਘਤਿਆ ਲਗਾ ਕਲੇਜੇ ਡੌਂ, ਭੁਖਿਆਂ ਨੀਂਦ ਨਾ ਆਂਵਦੀ ਜੇ ਕੋਈ ਆਖੇ ਸੌਂ।'
ਕੁੜੀ ਨੇ ਆਪਣਾ ਸਾਥੀ ਢੂੰਡਦਿਆਂ ਨਾ ਜ਼ਾਤ ਪੁੱਛੀ ਨਾ ਕੌਮ 'ਜਿਹੜਾ ਪਸੰਦ ਆਇਆ ਉਸ ਨਾਲ ਤੁਰ ਗਈ। ਠੀਕ ਹੀ ਤਾਂ ਹੈ, “ਭੁੱਖ ਨਾ ਪੁੱਛਦੀ ਲਾਜਮਾ, ਇਸ਼ਕ ਨਾ ਪੁੱਛਦਾ ਜਾਤ।"