ਪ੍ਰਸਿੰਨੀ—ਨੀ ਪਾਰੋ ਤੇਰਾ ਪ੍ਰਾਹੁਣਾ ਤਾਂ ਬੜਾ ਹੀ ਕਾਲਾ ਹੈ । ਮੈਨੂੰ ਤਾਂ ਪਸੰਦ ਨਹੀਂ । ਪਾਰੋ-ਪਰ ਮੈਨੂੰ ਤਾਂ ਉਹ ਅਕਾਸ਼ੋਂ ਉੱਤਰੀ ਪਰੀ ਹੈ । 'ਲੋਕਾਂ ਭਾਣੇ ਕਾਨ੍ਹ ਕਾਲਾ, ਮੈਨੂੰ ਚੰਦ ਨੀ ਅਕਾਸ਼ੋਂ ਚੜ੍ਹਿਆ'।
'ਲੋੜ ਕਾਢ ਦੀ ਮਾਂ ਹੈ।' ਨਹੀਂ ਤਾਂ ਮਨੁੱਖ ਜੰਗਲਾਂ ਵਿੱਚੋਂ ਨਿਕਲਕੇ ਸ਼ਾਨਦਾਰ ਸ਼ਹਿਰਾਂ ਵਿੱਚ ਕਿਵੇਂ ਆ ਵਸਦਾ ?
ਇਹ ਠੀਕ ਹੈ ਕਿ 'ਲੋੜ ਦਾ ਮੁੱਲ ਨਹੀਂ” ਪਰ ਇਤਨੀ ਕੀਮਤ ਦੀ ਇਹ ਚੀਜ਼ ਨਹੀਂ।
ਗਰਜ਼ ਬੜੀ ਚੀਜ਼ ਏ । ਲੋੜ ਵੇਲੇ ਗਧੇ ਨੂੰ ਪਿਉ ਆਖ ਲਈਦਾ ਹੈ। ਝਕੋ ਨਾ। ਜ਼ਰੂਰ ਮਿਲੋ।
ਮੈਨੂੰ ਜਿੰਨੀ ਲੋੜ ਸੀ ਪੈਸੇ ਦੀ, ਓਨਾ ਹੀ ਮੈਨੂੰ ਨਾ ਮਿਲਿਆ। 'ਲੋੜੀਂਦਾ ਗੁੜ ਢੀਲਾ' ਵਾਲਾ ਹਿਸਾਬ ਹੋਇਆ।
ਮਾਂ ਜੀ ਕਿਸੇ ਹਾਲਤ ਵਿਚ ਵੀ ਕਰਜ਼ ਨਹੀਂ ਜੇ ਚੁੱਕਣਾ, ਕਿਉਂਕਿ ਸਿਆਣੇ ਆਖਦੇ ਹਨ, 'ਲੰਘਣ ਮਿਤ੍ਰ, ਉਧਾਰ ਵੈਰੀ।'
ਹਰਨਾਮ ਤਾਂ ਕੱਖ ਭੰਨ ਕੇ ਦੂਹਰਾ ਕਰਨ ਜੋਗਾ ਨਹੀਂ, ਪਰ ਗੱਲਾਂ ਨਾਲ ਪਹਾੜ ਢਾਂਹਦਾ ਹੈ। ਉਸਦਾ ਤਾਂ ਅਖੇ 'ਲੰਙਾ ਟੱਟੂ ਲਾਹੌਰ ਦਾ ਦਾਈਆ' ਵਾਲਾ ਲੇਖਾ ਹੈ।
ਮੈਨੂੰ ਕਾਹਦਾ ਡਰ ਏ ? ਅਖੇ 'ਲੰਙਾ ਭਾਵੇਂ ਚੋਰਾਂ ਵਿਚ ਖੇਡੇ' ਓਹਨੇ ਕਿਹੜੀ ਮੇਰੀ ਲੱਤ ਤੋੜ ਲੈਣੀ ਏਂ ?
ਨੱਥੂ ਕਾਣਾ ਆਪਣੀ ਕਰਤੂਤ ਤੋਂ ਨਾ ਟਲਿਆ। ਸੱਚ ਹੈ 'ਲੰਙੇ ਤੇ ਕਾਣੇ ਦੀ ਇਕ ਰਗ ਵਾਧੂ ਹੁੰਦੀ ਹੈ'।
ਸੀ ਕੀ ਉਸ ਪਾਸ ਗੁੰਮਣ ਜੋਗਾ ? ਅਖੇ 'ਲੰਡਿਆਂ ਮਹੀਂ ਨਾ ਗਾਈਂ, ਲੈ ਲੈ ਜਾਣ ਕਸਾਈ'। ਉਸ ਦੀਆਂ ਫੜ੍ਹਾਂ ਦੀ ਕੌਣ ਪ੍ਰਵਾਹ ਕਰਦਾ ਹੈ ?
ਉਸਨੂੰ ਮਿੱਤਰਾਂ ਦਾ ਘਾਟਾ ਹੈ, ਬੇਹਯਾ ਕੁਪੱਤੀ ਨੂੰ। ਅਖੇ 'ਲੰਡੀ ਦੇ ਘਰ ਮੰਡੀ'।
ਬੱਚੀ ਤੁਸੀਂ ਬੇਮੁਹਾਰੀਆਂ ਗੱਲਾਂ ਨਾਲ ਕੰਮ ਵਿਗਾੜ ਲਿਆ ਹੈ, 'ਲੰਮੀ ਜੀਭ ਤੇ ਛੇਤੀ ਮੌਤ' ਪਰ ਤੁਸੀਂ ਗੁੱਸੇ ਵਿੱਚ ਆਏ ਕਿਸੇ ਦੀ ਸੁਣਦੇ ਵੀ ਤਾਂ ਨਹੀਂ ਸੀ।