ਲਛਮੀ ਪਾਸੋਂ ਪੈਸੇ ਦੀ ਆਸ ਰੱਖਣੀ ਹੀ ਭੁੱਲ ਸੀ। ਕਦੀ ‘ਲੁਧੜਾਂ ਦੇ ਘਰ ਬੇਹਾ' ਰਿਹਾ ਹੈ ?
ਜਿਉਂ ਜਿਉਂ ਵਾਹ ਪੈਂਦੇ ਹਨ, ਜਗਤ ਵਿੱਚ ਕਪਟ ਹੀ ਕਪਟ ਹੁੰਦਾ ਹੈ। ਫਿਰ ਤਬੀਅਤ ਬਦਲ ਜਾਂਦੀ ਹੈ। ਲੂਣ ਦੀ ਖਾਣ ਵਿੱਚ ਹੋਰ ਸ਼ੈ ਲੂਣ ਜਿਕੂੰ ਹੋ ਜਾਂਦਾ ਹੈ ਤਿਕੂੰ ਆਪ ਹੋ ਜਾਈਦਾ ਹੈ।
'ਲੂਣ ਨਾ ਹਲਦ ਤੇ ਖਾਣ ਲਗੇ ਬਲਦ'। ਜਿਹੋ ਜਿਹਾ ਘਟੀਆ ਪ੍ਰਾਹੁਣਾ ਸੀ, ਓਹੋ ਜਿਹਾ ਹੀ ਰੁੱਖਾ ਪਕਵਾਨ ਵੀ ਉਸੇ ਲਈ ਬਣਿਆ।
ਅੱਜ ਕੱਲ੍ਹ ਤਾਂ ਜ਼ਮਾਨਾ ਐਸਾ ਆ ਗਿਆ ਹੈ ਕਿ ਮੁਸ਼ਕਲਾਂ ਹੀ ਮੁਸ਼ਕਲਾਂ ਹਨ ਹਰ ਪਾਸੇ। ਲੋਕ ਸਮਝਦੇ ਨਹੀਂ ਜ਼ਿੰਦਗੀ ਦੀ ਫਿਲਾਸਫੀ ਨੂੰ। ਅਸਲ ਵਿਚ ਸੁਖ ਤਾਂ ਸਾਦਗੀ ਵਿੱਚ ਹੀ ਹੈ। ਸਿਆਣਿਆਂ ਐਵੇਂ ਨਹੀਂ ਜੇ ਆਖਿਆ 'ਲੂਣ ਪਾਣੀ ਖਾਹ ਤੇ ਨੱਕ ਦੀ ਸੇਧੇ ਜਾਹ।'
ਸਹੇਲੀਆਂ- ਭੈਣ ਜੀ 'ਲੇਖ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ' ਕਰਮ ਬੜੇ ਪਰਬਲ ਨੇ, ਹੋਣੀ ਦੇ ਨਾਲ ਕੋਈ ਚਾਰਾ ਨਹੀਂ ਚਲਦਾ।
ਹੁਣ ਦੰਦੀਆਂ ਕੱਢ ਬੈਠਾ ਏਂ ! ਅਖੇ 'ਲੇਖਾ ਕਰਕੇ ਦਸਿਆ, ਮੂਰਖ ਗਾਹਣੁ ਹੱਸਿਆ।' ਹਿਸਾਬ ਨਾਲ ਜੋ ਦੇਣਾ ਲੈਣਾ ਹੈ, ਉਹ ਤਾਂ ਤੈਨੂੰ ਦੇਣਾ ਹੀ ਪਵੇਗਾ। ਕੋਈ ਮਖ਼ੌਲ ਤਾਂ ਨਹੀਂ !
ਬੱਚਾ, ਵਿਹਾਰ ਵਿੱਚ ਬੜਾ ਸੁਚੇਤ ਰਹਿਣਾ । ਪਾਈ ਪਾਈ ਦਾ ਹਿਸਾਬ ਰੱਖਣਾ। 'ਲੇਖਾ ਜੌ ਦਾ ਦਾਨ ਸੌ ਦਾ।'
ਮੇਰੇ ਨਾਲ ਲੇਖਾ ਨਾ ਕਰ ਪੁੱਤਰਾ ! ਮੇਰੀ ਕੀਤੀ ਨੂੰ ਤੂੰ ਦੋ ਜਹਾਨ ਨਹੀਂ ਲਾਹ ਸਕਦਾ। 'ਲੇਖਾ ਨਾ ਕਰ ਸ਼ਾਹਾਂ ਨਾਲ, ਮਤ ਦੇਣਾ ਆਵੀਂ।'
ਬੱਚਾ; ਵਿਹਾਰ ਵਿੱਚ ਬੜਾ ਸੁਚੇਤ ਰਹਿਣਾ, ਪਾਈ ਪਾਈ ਦਾ ਹਿਸਾਬ ਰੱਖਣਾ । ਸਿਆਣਿਆਂ ਐਵੇਂ ਨਹੀਂ ਜੇ ਆਖਿਆ 'ਲੇਖਾ ਮਾਵਾਂ ਧੀਆਂ ਦਾ।'
ਸੀਤਾ ਰਾਮ ਨੂੰ ਗੁੱਸਾ ਆ ਗਿਆ, ਉਹ ਵੀ ਕੌੜਾ ਕਸੈਲਾ ਬੋਲਿਆ। ਪਰ ਲੇਲੇ ਦੀ ਬਘਿਆੜ ਨਾਲ ਕੀ ਵਟੀਂਦੀ ਏ ? ਉਲਟਾ ਧੌਲ ਧਪਾ ਖਾ ਕੇ ਘਰ ਨੂੰ ਤੁਰ ਗਿਆ।
ਨੱਥਾ ਸਿੰਘ, ਵਪਾਰ ਦਾ ਚੰਗਾ ਨਹੀਂ, ਜੋ ਲੈ ਜਾਵੇ ਦੇਣ ਵਿੱਚ ਹੀ ਨਹੀਂ ਆਉਂਦਾ। ਉਹ ਤਾਂ 'ਲੈਣ ਦਾ ਸ਼ਾਹ ਤੇ ਦੇਣ ਦਾ ਦੀਵਾਲੀਆ ਹੈ।'
ਬੜੀ ਹੀ ਨਿਆਰੀ ਹੈ। ਜਿਸ ਵੇਲੇ ਵੇਖੋ ਲੈਣ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ । ਦੇਣ ਦਾ ਨਾਂ ਨਹੀਂ ਲੈਂਦੀ, ਇਹ ਤਾਂ ਲੈਣ ਨੂੰ ਸਹਿਸਰ ਬਾਹੂ ਤੇ ਦੇਣ ਨੂੰ ਮੁਰਲੀ ਮਨੋਹਰ ਹੈ।