'ਲੰਮੇ ਦੀ ਅਕਲ ਗਿੱਟੇ ਵਿੱਚ ਹੁੰਦੀ ਹੈ'। ਇਸ ਦੀ ਗੱਲ ਉੱਤੇ ਅਮਲ ਨਾ ਕਰਨਾ। ਐਵੇਂ ਯਬਲੀਆਂ ਮਾਰਦਾ ਰਹਿੰਦਾ ਹੈ।
ਸੱਚ ਹੈ 'ਵਸਦਿਆਂ ਦੇ ਘਰ ਨੇ ਤੇ ਟੋਰੇ ਦੀਆਂ ਹੱਟੀਆਂ'। ਤੂੰ ਕਿਸੇ ਥਾਂ ਨਿੱਠ ਕੇ ਬਹਿੰਦਾ, ਤੇ ਮਿਹਨਤ ਕਰਦਾ ਤਾਂ ਕੰਮ ਤੁਰਦਾ। ਰੁੜ੍ਹਦੇ ਪੱਥਰ ਉੱਤੇ ਕਦੀ ਘਾਹ ਜੰਮਿਆ ਹੈ ?
ਸ਼ਹਿਰਾਂ ਦੇ ਵਸੇਵੇ ਦਾ ਕੀ ਕਹਿਣਾ। ਕਿਸੇ ਸੱਚ ਆਖਿਆ ਹੈ 'ਵਸੀਏ ਸ਼ਹਿਰ ਭਾਵੇਂ ਕਹਿਰ ਹੋਵੇ, ਖਾਈਏ ਕਨਕ ਭਾਵੇਂ ਜ਼ਹਿਰ ਹੋਵੇ।'
'ਵਹਿਨ ਪਏ ਦਰਿਆ ਭੀ ਕਦੇ ਮੁੜੇ ਨੇ' ਰਣਜੀਤ ਸਿੰਘ ਵੀ ਇੱਕ ਵੇਰ ਇਰਾਦਾ ਬਣਾ ਕੇ ਜਦ ਤੁਰਦਾ, ਅੱਗਿਉਂ ਹੋਰ ਅੱਗੇ ਵਧੀ ਜਾਂਦਾ।
ਦੁੱਖ ਬਾਹਰ ਦਾ ਰੋਣਾ ਘਰਦਿਆਂ ਦੇ ਸਿਰ ਚੜਕੇ । ‘ਵਹੁਟੀ ਝੇੜੇ ਲਾਏ ਗਿੱਟੇ, ਪਹਿਲੋ ਮਾਂ ਪਿਉ ਨੂੰ ਪਿੱਟੇ'। ਇਹ ਚੰਗੀ ਗੱਲ ਹੋਈ।
ਮਾਂ ਜੀ, ਮੈਂ ਤਾਂ ਸ਼ੀਲਾ ਨੂੰ ਕਦੇ ਬੁਲਾਇਆ ਤਕ ਨਹੀਂ, ਉਹ ਆਪਣੇ ਆਪ ਹੀ ਅੱਗੇ ਹੋ ਹੋ ਬਹਿੰਦੀ ਏ, ਅਖੇ ‘ਵਗ ਢੋਈ ਮਿਲੇ ਨਾ ਤੇ ਬੜਕਦਾ ਮੇਰਾ' ਵਾਲਾ ਉਸਦਾ ਹਾਲ ਜੇ ।
ਤੁਰੇ ਫਿਰੋ ਤਾਂ ਸਿਹਤ ਵੀ ਠੀਕ ਹੋਵੇ। ‘ਵਗਦਾ ਪਾਣੀ ਸਾਫ ਰਹਿੰਦਾ ਹੈ'। ਖੜੋਤੇ ਪਾਣੀ ਨੇ ਤਾਂ ਤ੍ਰਕਣਾ ਹੀ ਹੋਇਆ ।
ਅੱਗੇ ਤਾਂ ਚੰਗਾ ਕਾਰੋਬਾਰ ਚਲਦਾ ਸੀ ਤੇ 'ਵਗਦੇ ਦਰਿਆ ਵਿੱਚ ਭਾਂਡਾਂ ਭਰਿਆ ਹੀ ਜਾਂਦਾ ਹੈ'। ਪਰ ਹੁਣ ਤਾਂ ਰੋਟੀ ਦੇ ਤਸੀਹੇ ਪਏ ਹੋਏ ਹਨ।
'ਵੱਛਾ ਕਿੱਲੇ ਦੇ ਜ਼ੋਰ ਟੱਪਦਾ ਹੈ' ਅੱਜ ਪਿਉ ਸਿਰ ਤੇ ਹਰ ਵੇਲੇ ਮਦਦ ਕਰਨ ਵਾਲਾ ਨਾ ਹੋਵੇ, ਤਾਂ ਵੇਖੀਏ ਇਸ ਮੁੰਡੇ ਦੀ ਕਿਸ ਭਾ ਵਿਕਦੀ ਹੈ।
ਨੰਬਰਦਾਰ- ਓਏ ਮੂਰਖੋ, ਤੁਸਾਡੀ ਇਸ ਚੀਜ਼ ਦੀ ਲਾਗਤ ਕੀ ਏ ? 'ਵਟ ਦੀ ਪਠ, ਨਾ ਪੁਛ ਨਾ ਗਿਛ' ਛੱਡੋ ਪਰੇ ਝਗੜੇ ਨੂੰ ਤੇ ਘਰਾਂ ਨੂੰ ਵੇਖੋ।
ਭਾਵੇਂ ਵਲੈਤੋਂ ਸਭ ਪੜਾਈਆਂ ਤੋਂ ਫੇਲ੍ਹ ਹੋ ਆਏ ਸਨ, ਪਰ ਘਰ ਆਕੇ ਹੋਇਆ ਓਹੋ ਜੋ ਅਕਸਰ ਕੁਝ ਹੁੰਦਾ ਏ। ‘ਵੱਡਿਆਂ ਦਾ ਘੱਟਾ ਮਿੱਟੀ ਵੀ ਸਰਕਾਰੀ ਮੰਡੀ ਵਿੱਚ ਸੋਨੇ ਦੇ ਭਾ ਵਿਕ ਜਾਂਦਾ ਏ' ਤੇ ਗਰੀਬ ਦੇ ਸੁਚੇ ਕੁੰਦਨ ਵਿੱਚ ਵੀ ਸੌ ਸੌ ਨੁਕਸ ਪਏ ਨਿਕਲਦੇ ਨੇ।
ਠੀਕ ਹੈ, ਤੁਹਾਨੂੰ ਬੜੀਆਂ ਜ਼ਿੰਮੇਵਾਰੀਆਂ ਨੇ। ਪਰ ਜੀ, ‘ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ' ਤੁਹਾਡੇ ਬਿਨਾਂ ਸਾਡਾ ਕੰਮ ਵੀ ਹੋਰ ਕੌਣ ਕਰੇਗਾ ?