ਸਰਦਾਰ- ਸੁੰਦਰ ਦਾਸ ਤਾਂ ਇੱਥੋਂ ਜਿਨ੍ਹਾਂ ਗੱਲਾਂ ਕਰਕੇ ਨੱਸਿਆ ਓਹੀ ਉਸ ਨੂੰ ਉੱਥੇ ਕਰਨੀਆਂ ਪਈਆਂ। ਅਖੇ 'ਜਿਥੇ ਜਾਵੇ ਤੱਤ ਭੜੱਤੀ ਓਹੋ ਚਰਖਾ ਓਹੋ ਚੱਕੀ' ਵਾਲੀ ਗੱਲ ਵਾਪਰੀ ਉਸ ਨਾਲ ਤਾਂ।
ਮਾਪਿਆਂ ਦੇ ਘਰ ਸੀ, ਤਾਂ ਉਨ੍ਹਾਂ ਨੂੰ ਵਿਗੋਚਾ ਸੀ । ਸਾਡੇ ਘਰ ਆਈ ਤਾਂ ਸਾਡਾ ਵੀ ਮੰਦਾ ਹਾਲ ਹੋਇਆ "ਜਿੱਥੇ ਜਾਏ ਤਤ ਭਲਤੀ, ਭਾਂਡੇ ਨਾ ਵਿਕੇ ਉਸ ਹੱਟੀ ।”
ਤੀਜੀ- ਠਾਣੇਦਾਰ ਛੱਡ ਕੇ ਨੰਬਰਦਾਰ ਦੀ ਲਿਆਵਾਂਗੇ, ਕੁੜੀਆਂ ਦਾ ਕੀ ਵਿਗੋਚਾ ਏ। ਜਿੱਥੇ ਚੰਨਣ ਹੋਵੇ, ਉੱਥੇ ਖੁਸ਼ਬੋ ਆਪੇ ਆ ਜਾਂਦੀ ਹੈ।
ਹਿੰਮਤ ਅੱਗੇ ਵੱਡੀ ਤੋਂ ਵੱਡੀ ਔਕੜ ਵੀ ਸਰ ਹੋ ਜਾਂਦੀ ਹੈ। ਜਿੱਥੇ ਚਾਹ ਉੱਥੇ ਰਾਹ।
ਸੁਦਰਸ਼ਨ - ਅੜੀਏ ! ਨਿਹੋਰੇ ਦੀ ਕਿਹੜੀ ਗੱਲ ਹੈ ? 'ਜਿੱਥੇ ਗੁੜ ਉੱਥੇ ਮੱਖੀਆਂ” ਸੁੰਦਰਤਾ ਤੇ ਜਵਾਨੀ ਨੇ ਕਈਆਂ ਨੂੰ ਤੇਰੇ ਵੱਲ ਖਿੱਚਣਾ ਹੀ ਸੀ।
ਹੋ ਲੈਣ ਦਿਉ ਖ਼ਰਚ। ਵਿਆਹ ਸ਼ਾਦੀ ਵਿੱਚ ਇਵੇਂ ਹੀ ਹੁੰਦਾ ਹੈ। ਜਿੱਥੇ ਸੌ, ਉੱਥੇ ਇਕੱਤ੍ਰ ਸੌ।
ਦੇਵਿੰਦ੍ਰ ਘਰ ਦੇ ਦੁੱਖੋਂ ਨੱਠ ਕੇ ਪ੍ਰਦੇਸ ਗਿਆ, ਪਰ ਉੱਥੇ ਵੀ ਉਸਦਾ ਮੰਦਾ ਹੀ ਹਾਲ ਹੈ। ਤਦ ਉਸਦੀ ਮਾਤਾ ਨੇ ਕਿਹਾ- ਜਿਥੇ ਸਾਡੀ ਭਾਗੋ ਜਾਵੇ, ਉਥੇ ਭਾਗ ਪਰੇਰੇ।
ਜਠਾਣੀ-ਸ਼ਕੁੰਤਲਾ, ਤਾਰੋ ਜੱਟੀ ਬਿਨਾਂ ਕਿਹੜਾ ਗੱਲ ਅੜੀ ਖੜੋਤੀ ਹੈ ? ਕੀ ਤੁਸਾਡੀ ਵਿਚਾਰ ਹੈ ਕਿ 'ਜਿੱਥੇ ਇਹ ਨਹੀਂ ਉਥੇ ਕੁਕੜ ਬਾਂਗ ਨਹੀਂ ਦੇਂਦੇ ? ਇਹ ਨਿਰਾ ਵਹਿਮ ਜੇ ।
‘ਜਿਥੇ ਆਸਾ ਤਿਥੇ ਵਾਸਾ'। ਜਿੱਥੇ ਮੈਨੂੰ ਹਰ ਵੇਲੇ ਖੇਦ ਪੁੱਜੇ, ਉੱਥੇ ਕੀ ਰਹਿਣਾ ਹੋਇਆ ?
ਮਨ- ਸਾਨੂੰ ਇਹ ਵੀ ਪਤਾ ਲਗ ਗਿਆ ਏ ਕਿ ਜਿਸ ਕੰਮ ਵਿਚ ਜੱਟਾਂ ਦਾ ਪੈਸਾ ਲੱਗੇ, ਉਸ ਵਿਚ ਹੀ ਦਿਲਚਸਪੀ ਲੈਂਦੇ ਹਨ। ਜਿੱਥੇ ਉਨ੍ਹਾਂ ਦਾ ਪੈਸਾ, ਉੱਥੇ ਉਨ੍ਹਾਂ ਦਾ ਦਿਲ । ਹੁਣ ਅਸੀਂ ਬੜੀ ਛੇਤੀ ਚੌਵੀਂ ਹਾਰਸ ਪਾਵਰ ਦਾ ਆਇਲ ਇੰਜਨ ਖਰੀਦ ਕੇ ਸ਼ਾਮਲਾਟ ਵਿਚ ਲਾ ਰਹੇ ਹਾਂ।
ਗ਼ਰੀਬ ਮਜੂਰ ਰਾਤ ਨੂੰ ਲੰਮੀਆਂ ਤਾਣ ਸੌਂਦੇ ਹਨ ਪਰ ਕਾਰਖਾਨੇ ਵਾਲੇ ਨੂੰ ਨੀਂਦ ਵੀ ਨਹੀਂ ਆਂਦੀ। ਹਰ ਵੇਲੇ ਚਿੰਤਾ ਹੀ ਲੱਗੀ ਰਹਿੰਦੀ ਹੈ । ਠੀਕ ਹੈ ਜਿਤਨੇ ਸਿਰ ਉਤਨੀਆਂ ਪੀੜਾਂ।
ਜਿਤਨੀ ਚੰਗੀ ਪੈਲੀ ਵਾਹੋ, ਉਤਨੀ ਹੀ ਫ਼ਸਲ ਚੰਗੀ ਹੁੰਦੀ ਹੈ। 'ਜਿਤਨੀ ਵਾਹ, ਉਤਨੀ ਗਾਹ' ਸਿਆਣਿਆਂ ਨੇ ਐਵੇਂ ਨਹੀਂ ਜੇ ਆਖਿਆ ।