ਸ਼ਾਹ ਛੱਡ ਵੀ ਪਰੇ, ਇਸ ਗੱਲ ਨੂੰ ਬੀਤਿਆਂ ਦੋ ਸਾਲ ਹੋ ਗਏ ਨੇ। 'ਬੀਤ ਗਈ ਬਾਤ ਤੇ ਘਸੀਟ ਕਾਹਦੀ' ? ਇਸਨੂੰ ਮੁੜ ਫੋਲਣ ਦੀ ਕੀ ਲੋੜ ਏ।
ਕੰਮ ਕਰ ਕਰਕੇ ਤਾਂ ਪਿਉ ਟੁਟ ਲੱਥਾ, ਪਰ ਗੁਲਛਰੇ ਧੀਆਂ ਪੁੱਤ ਉਡਾ ਰਹੇ ਹਨ । 'ਬੀਜੇ ਕੋਈ ਖਾਵੇ ਕੋਈ' । ਇਹੀ ਸੰਸਾਰ ਦੀ ਰੀਤੀ ਹੈ।
ਅਸਲ ਗੱਲ ਇਹ ਹੈ ਕਿ ਤੇਰਾ ਉਸ ਨਾਲ ਵਰਤਾਓ ਚੰਗਾ ਨਹੀਂ ਰਿਹਾ । ਇਸ ਲਈ ਉਹ ਹੁਣ ਤੇਰੇ ਮਗਰ ਪਿਆ ਹੋਇਆ ਹੈ। ਅਸਲ ਵਿੱਚ ਤੇਰਾ ਖਿਆਲ ਉਹ ਤੇਰੀ ਮੱਦਦ ਕਰੇਗਾ ਗ਼ਲਤ ਹੈ। ਇਹ ਤਾਂ 'ਬੀਜੇ ਕਿਕਰ ਤੇ ਲੋੜੇ ਅੰਬ ਵਾਲੀ ਗੱਲ ਹੋਈ।'
ਕਿਸਮਤ ਦੀ ਖੇਡ ਹੈ। 'ਬੀਜੀ ਸੀ ਕਣਕ, ਉੱਗ ਪਏ ਛੋਲੇ।' ਮੈਨੂੰ ਕੀ ਪਤਾ ਸੀ ਚੰਗੇ ਵਿਚੋਂ ਮੰਦਾ ਨਿਕਲੇਗਾ।
ਗੁਲਾਬੋ ਨੇ ਤਾਂ ਗਜ਼ਬ ਦੀ ਹਿੰਮਤ ਕੀਤੀ, ਮਕਾਨ ਤਾਂ ਇਸ ਦੇ ਭਰਾ ਨੇ ਬਣਾਇਆ ਪਰ ਬਿਨਾਂ ਪੁੱਛੇ ਉਸਨੇ ਆਪਣਾ ਸਾਮਾਨ ਅੰਦਰ ਪਾ ਜੰਦਰਾ ਮਾਰ ਲਿਆ। ਅਖੇ 'ਬੀਜਿਆ ਨਾ ਵਾਹਿਆ ਘੜਮ ਪੱਲਾ ਡਾਹਿਆ।'
ਦੁੱਖ ਦੀ ਆਸ ਲਈ ਨਹੀਂ ਸੀ ਕੰਮ ਕੀਤਾ, ਪਰ ਕੀ ਕਰਦਾ। ‘ਬੀਜਿਆ ਸੀ ਫੁੱਲ ਪਰ ਉੱਗ ਪਏ ਕੰਡੇ। ਖੇਡ ਉਲਟੀ ਪਈ।
ਚੰਗੇ ਬੀਜਾਂ ਦੀ ਜੇ ਕਿਸਾਨਾਂ ਨੂੰ ਸਮਝ ਆ ਜਾਏ ਤਾਂ ਮਾਲਾ ਮਾਲ ਹੋ ਜਾਣ । ਸਿਆਣੇ ਆਖਦੇ ਹਨ 'ਬੀ ਪਾਈਏ ਚੁਣਕੇ, ਪਾਣੀ ਪਾਈਏ ਪੁਣਕੇ”।
ਤੂੰ ਐਵੇਂ ਟੋਕਾ ਟਾਕੀ ਨਾ ਕਰ ਉਹ ਵੀ ਅਖਿਰ ਨੂੰ ਸਿਆਣਾ ਹੈ, ਉਸ ਸਾਰੀ ਦੁਨੀਆਂ ਵੇਖੀ ਹੈ । ਉਸਨੂੰ ਪਤਾ ਹੈ 'ਬੀ ਉੱਥੇ ਹੀ ਸੁਟੀਦਾ ਹੈ ਜਿੱਥੇ ਉੱਗਣ ਦੀ ਆਸ ਹੋਵੇ।
ਸਿੱਖ ਲੁਟੇਰੇ ਨਹੀਂ ਹਨ। ਲੁਟੇਰੇ ਹਾਕਮ ਹਨ, ਜੋ ਤੂੰ ਪੰਜਾਬ ਵਿਚ ਰੱਖੇ ਹੋਏ ਹਨ । ਤੈਂ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਪੁਰ ਛੱਡਿਆ ਹੋਇਆ ਹੈ ।
ਛੱਡਣਾ ਹੀ ਸੀ ਉਸਨੇਂ ਖਸਮ ਨੂੰ। 'ਬਿੱਲੀ, ਰੰਨ, ਫ਼ਕੀਰ ਤੇ ਅੱਗ ਬਾਂਦੀ ਤਿਨ੍ਹਾਂ ਫਿਰਨ ਘਰੋ ਘਰੀ ਕਾਰ ਹੋਵੇ'। ਰੰਨਾਂ ਕਦੀ ਇੱਕ ਘਰ ਟਿਕਕੇ ਬਹਿੰਦੀਆਂ ਨੇ ?
ਤੁਸਾਨੂੰ ਤਾਂ ਮੌਜ ਹੋ ਗਈ, ਬਿਨਾਂ ਜਤਨ ਕੀਤੇ ਕੰਮ ਰਾਸ ਹੋ ਗਿਆ। ਤੁਹਾਡੇ ਲਈ 'ਬਿੱਲੀ ਭਾਣੇ ਛਿੱਕਾ ਟੁੱਟਾ' ਵਾਲੀ ਗੱਲ ਹੋਈ।
ਘਰੋਂ ਤਾਂ ਇਹ ਫ਼ੈਸਲਾ ਕਰਕੇ ਤੁਰਿਆ ਸਾਂ ਕਿ ਇਹ ਸਿਆਪਾ ਗਲੋਂ ਲਾਹ ਦੇਣਾ ਹੈ, ਪਰ ਉਲਟਾ ਹੋਰ ਪੁਆੜੇ ਸਹੇੜ ਲਿਆਇਆ। ਮੇਰੇ ਨਾਲ ਤਾਂ ਉਹ ਗੱਲ ਬਣੀ ਅਖੇ ‘ਬਿੱਲੀ ਲਾਹੁਣ ਗਏ, ਸ਼ੇਰਾਂ ਨੂੰ ਗਲ ਪਾ ਆਏ'।