ਛੱਡ ਯਾਰ ! ਤੂੰ ਵੀ ਤਾਂ ਭੋਂਦੂ ਸੀ ਨਿਰਾ। ਅਖੇ ਬਾਰਾਂ ਵਰ੍ਹੇ ਦਿੱਲੀ ਰਹੇ ਤੇ ਭੱਠੀ ਹੀ ਝੋਂਕਦੇ ਰਹੇ। ਏਡੇ ਵੱਡੇ ਕਿਹੜਿਆਂ ਵਹਿਣਾਂ ਵਿਚ ਜਾ ਪਿਆ ਏਂ। ਲੱਗਾ ਜੇ ਹੋਰ ਚੰਨ ਚਾਹੜ੍ਹਨ।
ਜਿਸ ਦਿਨ ਤੋਂ ਚਾਰ ਵਰਨਾਂ ਦਾ ਰੋਟੀ ਬੇਟੀ ਦੀ ਸਾਂਝ ਨੂੰ ਛੱਡਕੇ ‘ਬਾਰਾਂ ਪੂਰਬੀਏ ਤੇਰਾਂ ਚੁਲ੍ਹੇ' ਵਾਲਾ ਹਿਸਾਬ ਤੁਰਿਆ ਹੈ, ਭਾਰਤ ਵਰਸ਼ ਨੂੰ ਘਾਟਾ ਹੀ ਘਾਟਾ ਪਿਆ ਹੈ।
ਕੰਮ ਵੀ ਹੋਇਆ, ਤਾਂ ਕੀ ਹੋਇਆ, 'ਬਾਰ੍ਹੀਂ ਵਰ੍ਹੀਂ ਸੰਢ ਵਿਆਹੀ, ਉਸ ਵੀ ਕਾਣੀ ਧੀ ਜਾਈ' । ਪਹਿਲਾਂ ਦੋ ਵਰ੍ਹੇ ਉਡੀਕਦੇ ਰਹੇ, ਹੁਣ ਚਾਲੀ ਰੁਪਏ ਦੀ ਨੌਕਰੀ ਦਿੰਦੇ ਹਨ।
ਕੰਮ ਤਾਂ ਵਿਗੜਨਾ ਹੀ ਸੀ ਜਦ 'ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ ਸਨ।' ਦੋਹਾਂ ਵਿੱਚੋਂ ਇਕ ਧਿਰ ਨਿੰਵਦੀ ਤਾਂ ਫੈਸਲਾ ਝਟ ਹੋ ਜਾਂਦਾ।
ਜਿਨ੍ਹਾਂ ਨੇ ਭੁੱਖ ਦੇ ਦੁੱਖ ਡਿਠੇ ਹਨ, ਉਹ ਰੋ ਰੋ ਕਹਿੰਦੇ ਸੁਣੀਦੇ ਹਨ। 'ਬਾਬਾ! ਮੌਤੋਂ ਭੁੱਖ ਬੁਰੀ।'
ਤੂੰ ਵੀ ਕੋਈ ਕੰਮ ਕਰਨਾ ਏਂ, ਕਿ ਧੁੱਪੇ ਪੈ ਕੇ ਵਿਹਲਿਆਂ ਉੱਕਦੇ ਰਹਿਣਾ ਏਂ । 'ਬਾਬਾ ਆਏ ਤਾਂ ਬੱਕਰੀਆਂ ਚਾਰੇ' ਦਾ ਵਤੀਰਾ ਚੰਗਾ ਨਹੀਂ।
ਤੁਹਾਨੂੰ ਕੀ ਲੋੜ ਹੈ ਕੰਮ ਕਰਨ ਦੀ, ਜਦ ਪਿਉ ਦਾਦੇ ਦਾ ਖੱਟਿਆ ਬੇਅੰਤ ਧਨ ਪਿਆ ਹੈ । ਅਖੇ ਬਾਬਾ ਅਟੱਲ, ਪੱਕੀ ਪਕਾਈ ਘਲ'। ਕੰਮ ਧੰਧੇ ਲਈ ਅਸੀਂ ਥੋੜੇ ਹਾਂ ?
ਹਾਂ, ਦੇ ਗਈ ਏ ਦੋ ਸੱਸ ਪੁਰਾਣੀਆਂ ਕੁੜਤੀਆਂ। ਅਖੇ ‘ਬਾਬਲ ਮੇਰੇ ਚੋਲਾ ਦਿੱਤਾ ਸਾਹ ਲਵਾਂ ਤਾਂ ਪਾਟੇ'।
ਬੱਚਾ! ਜ਼ਿੰਮੇਵਾਰੀ ਬੜਾ ਦੁਖੀ ਕਰਦੀ ਹੈ। 'ਬਾਪੂ ਕਹਿੰਦੇ ਸਾਂ, ਸਦਾ ਸੁਖੀ ਰਹਿੰਦੇ ਸਾਂ। ਬਾਪੂ ਜਦ ਅਖਵਾਇਆ ਡਾਢਾ ਦੁਖ ਪਾਇਆ' ਵਿਆਹ ਕਰਨ ਤੋਂ ਪਹਿਲਾਂ ਰਤਾ ਸੋਚ ਲਉ।
ਪੁੱਤਰਾ ਮੇਰੇ ਵੱਲ ਵੇਖ। ਉਹ ਨਾ ਹੋਵੇ ਅਖੇ 'ਬਾਪੂ ਫਿਰੇ ਫੋਸੀ ਫੋਸੀ, ਪੁੱਤ ਬਖ਼ਸ਼ੇ ਪੰਡਾਂ' । ਆਪਣੀ ਵਿੱਤ ਦਾ ਵੀ ਧਿਆਨ ਕਰ ਲਵੀਂ ।
ਪਿਉ ਉੱਤੇ ਹੀ ਜਾਣਾ ਸੀ ਪੁੱਤਰ ਨੇ ਵੀ । 'ਬਾਪ ਪਰ ਬੇਟਾ, ਤੁਖ਼ਮ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ'।
ਮੰਦੇ ਬੋਲਾਂ ਦੀ ਮਾਰ ਤੋਂ ਰੱਬ ਹੀ ਬਚਾਵੇ। 'ਬਾਤੜੀਉਂ ਘਰ ਉਜੜੇ, ਚੁਲ੍ਹੇ ਦਾਲ ਦੇ ਹੋ।'