ਬਚਨੋ ਨੇ ਕੁੰਜੀ ਗੁੰਮ ਜਾਣ ਦਾ ਰੌਲਾ ਪਾਇਆ ਹੋਇਆ ਸੀ, ਪਰ ਕੁੰਜੀ ਜੇਬ ਵਿੱਚੋਂ ਨਿਕਲ ਆਈ । ਇਹ ਤਾਂ ਉਹੀ ਗੱਲ ਬਣੀ ਕਿ ‘ਮੁੰਡਾ ਕੁਛੜ ਤੇ ਢੰਡੋਰਾ ਨਗਰ'।
ਸਾਰੇ ਇੱਕੋ ਜਿਹੇ ਜਵਾਨ ਜਾਪਦੇ ਹਨ । ਕੀ ਪਤਾ ਲਗੇ, ਮਾਂਹ ਮੋਠਾਂ ਚੋਂ ਵੱਡਾ ਕੌਣ ਹੈ ?
ਸਮਾਂ ਬਦਲ ਰਿਹਾ ਹੈ, ਪੁੱਤ ਮਾਪਿਆਂ ਦੀ ਹਾਲਤ ਵੱਲ ਧਿਆਨ ਨਹੀਂ ਦੇਂਦੇ, ਆਪ ਬੁੱਲੇ ਲੁੱਟਦੇ ਹਨ। ਅੱਜਕਲ ਤਾਂ ਉਹ ਹਾਲ ਹੈ ਅਖੇ 'ਮਾਂ ਲੀਰਾਂ ਕਤੀਰਾਂ ਪੁੱਤ ਘੁਰਚ ਮੁੰਗਲਾ।'
ਕਈ ਪਾਪੜ ਵੇਲੇ, ਪਰ ਮੁੜ ਗੱਲ ਉਥੇ ਦੀ ਉਥੇ ਹੀ ਆ ਪੁੱਜਦੀ, ਅਖੇ 'ਮਾਂ ਮੋਈ ਤੇ ਧੀ ਜੰਮੀ, ਫੇਰ ਤਿੰਨਾਂ ਦੇ ਤਿੰਨ'।
ਕੌਣ ਨਹੀਂ ਜਾਣਦਾ ਇਸਦੀ ਹੈਸੀਅਤ ਨੂੰ, ਜਿੰਨਾ ਮਰਜ਼ੀ ਹੈ, ਵੱਡਾ ਬਣ ਬਣ ਦਸੇ। ਅਖੇ 'ਮਾਂ ਮੇਘਣੀ, ਪਿਉ ਮੜ੍ਹਾਸ, ਪੁੱਤਰ ਦਾ ਨਾਂ ਠਾਕਰ ਦਾਸ'।
ਹੀਰੇ- ਸਾਵਿਤਰੀ ਦੇ ਘਰ ਤਾਂ ਰੱਜਵੀਂ ਰੋਟੀ ਵੀ ਨਹੀਂ ਪਕਦੀ ਪਰ ਸ਼ਾਨ ਤਸੀਲਦਾਰਨੀ ਦੀ ਹੈ, ਅਖੇ 'ਮਾਂ ਮਰ ਗਈ ਭੁੱਖ ਦੇ ਹਾਵੇ ਧੀ ਦਾ ਨਾਂ ਰੱਜੀ।'
ਕਿਰਪਾ ਸਿੰਘ- ਓਏ ਛੱਡ! ਪਿਲਾਵੇਂਗਾ ! ਮਾਂ ਫੋਸੀ ਫੋਸੀ ਨੂੰ ਫਿਰੇ ਤੇ ਪੁੱਤ ਗਹੀਰੇ ਬਖਸ਼ੇ।
ਮਾਪੇ ਸਦਾ ਹੀ ਬੱਚਿਆਂ ਦਾ ਭਲਾ ਮੰਗਦੇ ਹਨ । ਗਾਲਾਂ ਕੱਢਣ ਮਾਰਨ ਕੁੱਟਣ ਤਾਂ ਵੀ ਉਨ੍ਹਾਂ ਦਾ ਦਿਲ ਪਿਆਰ ਭਰਿਆ ਹੁੰਦਾ ਹੈ 'ਮਾਂ ਪਿਉ ਦੀਆਂ ਗਾਲਾਂ ਤੇ ਦੁੱਧ ਘਿਉ ਦੀਆਂ ਨਾਲਾਂ।'
ਸ਼ੀਲਾ -ਚੰਗੀਆਂ ਸੁਣਾਈਆਂ ਊਸ਼ਾ ! ਅਖੇ ‘ਮਾਂ ਨੀ ਮਾਂ ਮੈਂ ਠਾਣੇਦਾਰ ਬਣਾਂ ਤੇ ਤੇਰੇ ਪਾਸੇ ਭੰਨਾਂ' ਤੇਰੀ ਸਹੇਲੀ ਨੇ ਇਹ ਪਦਵੀ ਪਰਾਪਤ ਕਰਕੇ ਪਹਿਲਾਂ ਤੈਨੂੰ ਹੀ ਸ਼ਿਕਾਰ ਬਣਾਇਆ।
ਏਥੇ ਤੈਨੂੰ ਮਾਂ ਦੀਆਂ ਪੱਕੀਆਂ ਕੌਣ ਖੁਆਵੇ ? ਜਿਵੇਂ ਕਿਵੇਂ ਗੁਜ਼ਾਰਾ ਕਰ । ਵੇਖਦਾ ਨਹੀਂ; ਜੰਗਲ ਵਿੱਚ ਬੈਠੇ ਹਾਂ।
ਉਏ ਕੁਝ ਸ਼ਰਮ ਕਰਿਆ ਕਰ, ਪਿਉ ਤਾਂ ਤੇਰਾ ਉਸ ਨਾਲ ਗੱਲ ਤਕ ਨਹੀਂ ਕਰਦਾ ਤੇ ਤੂੰ ਉਸ ਨਾਲ ਘਿਓ ਖਿਚੜੀ ਬਣਿਆ ਫਿਰਨਾ ਵਾਂ। ਮਾਂ ਦੀ ਸੌਂਕਣ ਤੇ ਧੀ ਦੀ ਸਹੇਲੀ।
ਹਾਰ ਦੇਣ ਲੱਗਿਆਂ ਸ਼ਾਂਤੀ ਦੇ ਦਿਲ ਵਿਚ ਕੁਝ ਸੰਸਾ ਜਿਹਾ ਪਿਆ। ਹੱਥ ਉਸਦਾ ਰਤਾ ਕੁ ਕੰਬਿਆ ਪਰ ਝਟ ਹੀ ਖਿਆਲ ਆਇਆ। ਨਹੀਂ ਸੰਸੇ ਵਾਲੀ ਕੋਈ ਗੱਲ ਨਹੀਂ। ਮਾਂ ਡੈਣ ਹੋ ਵੀ ਜਾਵੇ ਤਾਂ ਕੀ ਬੱਚਿਆਂ ਨੂੰ ਖਾਣ ਲਗ ਪਏਗੀ ?