ਪੰਚ ਸ਼ਾਹ, ਬੋਲ ਚਾਲ ਤਾਂ ਤੇਰੀ ਤੇ ਰੁਲਦੂ ਸ਼ਾਹ ਦੀ ਹੋਈ ਅਤੇ ਰਗੜਿਆ ਗਿਆ ਵਿਚਾਰਾ ਨਿਹਾਲ ਚੰਦ । ਅਖੇ 'ਜੋਗੀ ਜੋਗੀ ਲੜੇ ਤੇ ਖਪਰ ਦਾ ਨੁਕਸਾਨ' । ਉਸ ਵਿਚਾਰੇ ਨੇ ਕਿਸੇ ਦਾ ਕੀ ਵਿਗਾੜਿਆ ਸੀ ?
ਤੁਸੀਂ ਕਿੱਥੋਂ ਨੁਕਸਾਨ ਉਠਾਉਣ ਵਲੇ ਹੋ ? 'ਜੋਗੀ ਭੁਲਾ, ਦੂਣਾ ਲਾਹ' ਤੁਸੀਂ ਤਾਂ ਭੁਲੇਖੇ ਵਿੱਚ ਵੀ ਆਪਣਾ ਹੀ ਲਾਭ ਸੋਚਦੇ ਹੋ।
ਹੁਣ ਤਾਂ ਯਾਰੋ, ਸਾਰੇ ਇੱਕੋ ਜੇਹੇ ਹਾਂ, ਕੋਈ ਸਲਾਹ ਸੋਠਾ ਘੜੋ, ਨਿਤ ਨਿਤ ਇਹ ਇਕੱਠ ਕਿਤੇ ਹੋ ਚਲਿਆ ਜੇ, ਅਖੇ 'ਜੋਗੋਂ ਰਲੀ ਜੋਗ, ਇਕ ਨੂੰ ਗਿਲੜ, ਦੂਜੀ ਨੂੰ ਪਾਨਾ ਰੋਗ'।
ਜੋ ਕੋਈ ਜੰਮਿਆ ਮਰੇਗਾ, ਸਭਕੋਈ, ਘੜਿਆ ਭੱਜਸੀ ਵਾਹ ਸਭ ਵਹਿਨਗੇ ਵੇ ।
ਅੜੀਏ, ਇਹ ਪ੍ਰਤਾਈ ਹੋਈ ਗੱਲ ਹੈ; ਕਿ 'ਜੋ ਜਲਦੀ ਪੱਕਿਆ, ਓਹੋ ਜਲਦੀ ਸੜਿਆ' ਸੋ ਕਾਹਲੀ ਕਰਨ ਦੀ ਲੋੜ ਨਹੀਂ ।
ਇਹ ਗੱਲ ਸੱਚੀ ਹੈ ਕਿ 'ਜੋ ਜਿੱਤਿਆ, ਉਹੀ ਖਿਲਾੜੀ' ਹਰ ਕੰਮ ਵਿੱਚ ਸਫਲਤਾ ਹੀ ਪ੍ਰਧਾਨ ਹੈ।
ਇਹ ਰਜ਼ਾ ਹੈ; ਨਾ ਦੁਖ ਹੈ ਨਾ ਸੁਖ ਹੈ । ਪਿਆਰੇ ਦਾ ਖੇਲ ਤਮਾਸ਼ਾ ਹੈ, ਓਹ ਭੀ ਡਿੱਠਾ ਤੇ ਇਹ ਭੀ ਡਿੱਠਾ 'ਜੋ ਡਿਠਾ, ਸੋ ਨਾਹੀ ਮਿੱਠਾ' । ਮਿੱਠੇ ਦੀ ਛੱਡ ਦੇਵੀਂ ਆਸ, ਕਾਰਜ ਤੇਰਾ ਛਿਨ ਵਿਚ ਰਾਸ ।
ਨਰੈਣ ਦਾਸ-ਕੰਮ ਕਰੋ ਤਾਂ ਕਿਸੇ ਗੱਲ ਦਾ ਘਾਟਾ ਨਹੀਂ, 'ਜੋੜੇ ਹਲ ਤਾਂ ਪਾਏ ਫਲ।
ਰਾਮ ਸਿੰਘ ਖਾਸ ਹੁਣ ਕੱਖ ਨਹੀਂ ਰਿਹਾ । ਸੁਆਦਾਂ ਦਾ ਪੱਟਿਆ ਭੁੱਖਾ ਨੰਗਾ ਹੋ ਬੈਠਾ ਹੈ । ਸਿਆਣਿਆਂ ਨੇ ਠੀਕ ਆਖਿਆ ਹੈ, 'ਜੋ ਪੱਟੀ, ਸੋ ਸੁਆਦੋਂ ਪੱਟੀ।
ਇਸ ਘਰ ਦਾ ਤਾਂ ਇਹ ਰਿਵਾਜ ਹੈ ਕਿ ਜਿਹੜਾ ਇਨ੍ਹਾਂ ਵੱਲ ਝੁਕਾਓ ਕਰਨ ਲੱਗ ਪਵੇ, ਓਹੋ ਗੁਲਾਮ ਬਣਿਆ ਸਮਝੋ । ਇਥੇ ਤਾਂ ਇਹ ਹਾਲ ਹੈ ਅਖੇ 'ਜੋ ਪਾਸੀ ਫੇਰਾ, ਓਹਦਾ ਹੋ ਜਾਸੀ ਮੁਜੇਰਾ' ।
ਬੀਤੇ ਨੂੰ ਭੁੱਲ ਜਾਓ। ਖੈਰ, ਹੁਣ ਜੋ ਬੀਤੀ ਸੋ ਬੀਤੀ, ਅੱਗੇ ਨੂੰ ਹੀ ਬਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇ ।
ਚੰਨਾ, ਜ਼ੋਰ ਥੋੜਾ ਤੇ ਹੁੱਬ ਬਹੁਤੀ' ਵਾਲਾ ਲੇਖਾ ਨਾ ਬਣੇ। ਆਪਣੇ ਵਿੱਤ ਅਨੁਸਾਰ ਹੀ ਕਿਸੇ ਚੀਜ਼ ਦੀ ਚਾਹ ਕੀਤਾ ਕਰ।