ਤੇਰੇ ਵਰਗੇ ਨੇ ਕੀ ਤਰੱਕੀ ਕਰਨੀ ਹੈ। ਨਿਰਾ ਆਲਸੀ ਤੇ ਸੁਸਤ, ਤਰੱਕੀ ਤਾਂ ਉਨ੍ਹਾਂ ਲੋਕਾਂ ਦੇ ਪੈਰ ਚੁੰਮਦੀ ਹੈ ਜਿਹੜੇ ਦਿਨ-ਰਾਤ ਇੱਕ ਕਰਦੇ ਹਨ । ਸੁਣਿਆ ਨਹੀਂ ਜੇ :- ਜੋ ਰਾਤੀਂ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ।
ਸ਼ਾਂਤੀ- ਧੀਏ ਕੀ ਕਰੀਏ, 'ਜ਼ੋਰਾਵਰ ਦਾ ਸੱਤੀਂ ਵੀਹ ਸੌਂ' । ਜੇ ਦਾਅ ਲੱਗਾ ਅੱਜ ਲਿਖ ਭੇਜਾਂਗੀ।
ਕਰੀਮ ਬਖ਼ਸ਼-ਸ਼ਾਹ ! ਨਾਈ ਵਿਚਾਰਾ ਸਰਦਾਰਾਂ ਨਾਲ ਮੱਥਾ ਕਿਵੇਂ ਲਾਵੇ ? ਇੱਥੇ ਤਾਂ ਹਰ ਵੇਲੇ 'ਜ਼ੋਰਾਵਰ ਦੀ ਜੁੱਤੀ ਸਿਰ ਤੇ' ਵਾਲਾ ਲੇਖਾ ਬਣਿਆ ਹੋਇਆ ਹੈ।
ਰਾਮ ਸੱਚਾ ਹੈ । ਇਹ ਕਿਵੇਂ ਹੋਵੇ ਕਿ ਇਕ ਤਾਂ ਸ਼ਾਹ ਜ਼ੁਲਮ ਕਰੀ ਜਾਵੇ ਤੇ ਨਾਲ ਇਹ ਚਾਹੇ ਕਿ ਉਸ ਦੇ ਜ਼ੁਲਮ ਦੀ ਕਿਧਰੇ ਸ਼ਕਾਇਤ ਵੀ ਨਾ ਹੋਵੇ, ਅਖੇ 'ਜ਼ੋਰਾਵਰ ਮਾਰੇ ਭੀ ਤੇ ਰੋਣ ਵੀ ਨਾ ਦੇਵੇ' ।
ਸਰਦਾਰਾ -ਨੱਥੂ ਅੱਜ ਕੱਲ ਦਾ ਸਮਾਂ ਤਾਂ ਜਨਾਨੀਆਂ ਦਾ ਸਮਾਂ ਹੈ । ਜੋ ਰੰਨ ਕਰੇ ਸੋ ਹੋ, ਜੋ ਰੱਬ ਕਰੇ ਸੋ ਹੋ।
ਛੋਟਾ - ਸਰਦਾਰਾ, ਚਿੰਤਾ ਕਾਹਦੀ, ਜੋ ਆਏਗਾ ਕਹਿ ਦਿਆਂਗਾ, ਅਖੇ 'ਜੋ ਲਾਲੇ ਬਾਕਰੇ ਦੇ ਬਿਆਨ ਸੋ ਮਹਾੜੇ ਬਿਆਨ' ਅਸਾਂ ਤਾਂ ਵੱਡਿਆਂ ਦੇ ਪਿੱਛੇ ਹੀ ਜਾਣਾ ਹੈ।
ਕਾਹਦੇ ਲਈ ਜੋੜੀਏ ? ਜੋ ਥੋੜਾ ਬਹੁਤਾ ਪੱਲੇ ਹੈ, ਉਸ ਨੂੰ ਮਜ਼ੇ ਨਾਲ ਖਾਵਾਂਗੇ। ‘ਜੋੜ ਗਏ ਸੋ ਛੋੜ ਗਏ, ਖਾ ਗਏ ਰੰਗ ਲਾ ਗਏ'।
ਰਲੇ ਸ਼ਾਹ ਰੱਜ ਕੇ ਸੂੰਮ ਹੈ । ਭੰਨੀ ਕੌਡੀ ਵੀ ਖਰਚ ਨਹੀਂ ਕਰਦਾ । ਰਾਮ ਸਿੰਘ ਕਹਿਣ ਲੱਗਾ, “ਕੋਈ ਗੱਲ ਨਹੀਂ 'ਜੋੜ ਜੋੜ ਮਰ ਜਾਣਗੇ, ਮਾਲ ਜਵਾਈ ਖਾਣਗੇ ਓਹਦੇ ਕਿਸ ਕੰਮ ?"
ਵਰਿਆਮ-- ਘਰ ਵਾਲੀ ਜੇ ਮਤਲਬ ਦੀ ਜੁੜੇ; ਤਾਂਹੀਓਂ ਦਿਲ ਖੁਸ਼ ਹੁੰਦਾ ਏ। ਪਿੰਡ ਵਿਚ ਦੇਖੀਦਾ ਏ ਬੁਰੇ ਹਾਲ ਜੇ। 'ਜੋੜੀਆਂ ਜਗ ਥੋੜ੍ਹੀਆਂ ਨਰੜ ਬਥੇਰੇ।
ਭਰਾ ਜੀ ! ਦੁਨੀਆਂ ਮਤਲਬ ਦੀ ਹੈ, ਉਂਝ ਕੌਣ ਕਿਸੇ ਨੂੰ ਪੁੱਛਦਾ ਹੈ । 'ਜੌਂ ਸਾਵੇ ਕੋਈ ਨਾ ਆਵੇ, ਜੌਂ ਪੱਕੇ ਤਾਂ ਸਭੇ ਸਕੇ।
ਘਰ ਬੈਠਿਆਂ ਸੌਦਾ ਕਿਵੇਂ ਕਰ ਲਵਾਂ ? ਚੀਜ਼ ਦਾ ਮੁੱਲ ਚੀਜ਼ ਵੇਖ ਕੇ ਹੀ ਪਾਣਾ ਚਾਹੀਦਾ ਹੈ। 'ਜੌਂ, ਜੁਆਰ ਕੱਪੜਾ ਡਿੱਠੇ ਉਤੇ ਭਾ'।
ਸਰਨੀ- ਰਾਧਾ ਨੇ ਤਾਂ ਕੰਮ ਲੈ ਕੇ ਨੱਸਣ ਦੀ ਕੀਤੀ ਅਖੇ 'ਜੌਂ ਲਿਛਕੇ ਤੇ ਯਾਰ ਖਿਸਕੇ' ਵਾਲੀ ਗੱਲ ਕੀਤੀ।