ਜੇ ਪਿੱਛੋਂ ਮਿਲਾਪ ਹੀ ਕਰਨਾ ਸੀ, ਤਾਂ ਪਹਿਲਾਂ ਉਸ ਦਾ ਦਿਲ ਕਿਉਂ ਤੋੜਨਾ ਸੀ ? ਟੁੱਟੇ ਫੁੱਟੇ ਨਾ ਮਿਲਣ, ਕੁਲ ਕੰਚਨ ਕੀ ਰੀਤ। ਦਿਲ ਟੁੱਟੇ ਵੀ ਕਦੀ ਮੁੜ ਪਹਿਲਾਂ ਵਾਂਗ ਜੁੜੇ ਹਨ ?
ਸਜਣੀ, ਤੁਸੀਂ ਤਾਂ ਦੋਹਾਂ ਦਾ ਮੁੜ ਮਨੇਵਾ ਕਰਵਾ ਦਿੱਤਾ, ਪਰ ਉਹ ਫਿਰ ਝਗੜ ਪਈਆਂ, ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਟੁੱਟੇ ਰਾਸ ਨਾ ਆਉਂਦੇ, ਗੰਢ ਗੰਢੀਲੇ ਹੋਏ।
ਸੁੱਖਾ ਸਿੰਘ-ਜਦੋਂ ਵੇਖੋ, ਉਸ ਦਾ ਮੁੰਡਾ ਬੂਟ ਦੀ ਹੀ ਮੰਗ ਪਾਂਦਾ ਹੈ। ਪੈਰ ਵਿਚਾਰੇ ਦੇ ਟੁੰਡੇ ਹਨ, ਪਰ ਹਿਰਖ ਕਿਤਨੀ ਹੈ ? ਇਸ ਦਾ ਤਾਂ ਇਹੀ ਹਾਲ ਹੈ ਅਖੇ 'ਟੁੰਡੀ ਬਾਂਹ ਤੇ ਚੂੜੀਆਂ ਦੀ ਚਾਹ।'
ਟੂਟੀ ਗਾਂਢਨਹਾਰ ਗੋਪਾਲ ॥ ਸਰਬ ਜੀਆ ਆਪੇ ਪ੍ਰਤਿਪਾਲ ॥
ਠਗਣਹਾਰ ਅਣਠਗਦਾ ਠਾਗੈ ॥ ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥
ਰਖੀ-ਭੈਣ ਕੀ ਪੁੱਛਦੀ ਏਂ, ਨਿੱਕੇ ਦੇ ਪਿਉ ਦਾ ਤਾਂ ਅਖੇ 'ਠਠਿਆਰਾਂ ਦੀ ਗਾਗਰ ਚੋਂਦੀ' ਵਾਲਾ ਹਾਲ ਏ । ਘਰ ਦੇ ਕਿਸੇ ਕੰਮ ਦੀ ਪਰਵਾਹ ਨਹੀਂ ਕਰਦਾ, ਪਰ ਦੂਜਿਆਂ ਦੇ ਸੁਆਰਦਾ ਰਹਿੰਦਾ ਹੈ।
ਅਸੀਂ ਫੂਕ ਫੂਕ ਕੇ ਨਹੀਂ ਖਾਂਦੇ ਨਾ ਸੋਚ ਸੋਚ ਕੇ ਜੀਉਂਦੇ ਹਾਂ। ਸ੍ਰੀਰ ਨੂੰ ਸਾਧ ਕੇ ਰੱਖਿਆ ਹੋਇਆ ਹੈ ਕਿਉਂ ਜੁ ਠੁਲੇ ਕੱਪੜੇ, ਹੰਡਣ ਚੰਗੇ । ਸੋ ਜੋ ਮਿਲਦਾ ਹੈ, ਹੱਸ ਕੇ ਲੈਂਦੇ ਹਾਂ।
ਅੜਵੈਂਗਾਂ ਦਾ ਇੱਕ ਟੋਲਾ ਮੌਜਾਂ ਮਾਣਦਾ ਜਾ ਰਿਹਾ ਸੀ । ਕਿਸੇ ਨੇ ਪੁੱਛਿਆ ਤੁਸਾਡਾ ਜਥੇਦਾਰ ਕਿਹੜਾ ਹੈ ? ਇੱਕ ਨੇ ਉੱਤਰ ਵਿੱਚ ਕਿਹਾ, 'ਠੂਹਿਆਂ ਦੀ ਕਤਾਰ, ਸਭੇ ਸਰਦਾਰ' । ਅਸੀਂ ਸਾਰੇ ਹੀ ਆਪੋ ਆਪਣੀ ਥਾਂ ਜਥੇਦਾਰ ਹਾਂ।
ਜੋਗਿੰਦਰ ਦੀ ਪਤਨੀ ਗੁਰਮੀਤ ਦੀ ਗੰਭੀਰ ਰੋਗ ਨਾਲ ਮੌਤ ਹੋ ਗਈ। ਗੁਰਮੀਤ ਦੇ ਮਾਪਿਆਂ ਨੇ ਉਸ ਦੇ ਛੋਟੇ ਬੱਚਿਆਂ ਦਾ ਹਿਤ ਧਿਆਨ ਵਿੱਚ ਰੱਖ ਕੇ ਆਪਣੀ ਛੋਟੀ ਧੀ ਮਨਜੀਤ ਦਾ ਵਿਆਹ ਜੋਗਿੰਦਰ ਨਾਲ ਕਰ ਦਿੱਤਾ। ਮਨਜੀਤ ਗੁਰਮੀਤ ਨਾਲੋਂ ਵੱਧ ਪੜ੍ਹੀ-ਲਿਖੀ ਹੈ ਅਤੇ ਨੌਕਰੀ ਵੀ ਕਰਦੀ ਹੈ। ਇਸੇ ਲਈ ਲੋਕ ਅਕਸਰ ਜੋਗਿੰਦਰ ਨੂੰ ਕਹਿ ਦਿੰਦੇ ਹਨ ਕਿ ਤੈਨੂੰ ਤਾਂ ਠੂਠਾ ਫੁੱਟ ਕੇ ਛੰਨਾ ਮਿਲਿਆ ਹੈ।
ਜੇ ਜ਼ਿਮੀਂਦਾਰ ਬੀਜ ਚੰਗਾ ਪਾਵੇ ਤੇ ਪੈਲੀਆਂ ਵਿੱਚ ਰੂੜੀ ਵੀ ਤਾਂ ਫਿਰ ਮੌਜਾਂ ਹਨ । ਸਿਆਣਿਆਂ ਨੇ ਠੀਕ ਹੀ ਕਿਹਾ ਹੈ 'ਡਗਨ ਗਡ ਤੇ ਮਲ੍ਹਰ ਪਾ, ਐਸ਼ਾਂ ਕਰਦਾ ਘਰ ਨੂੰ ਜਾਹ ।'
ਤੁਹਾਡੇ ਭਾਣੇ ਤੇ ਤੁਹਾਡੇ ਪਿੰਡ ਤੋਂ ਸੁੰਦਰ ਕੋਈ ਸ਼ਹਿਰ ਹੀ ਨਹੀਂ ਹੋ ਸਕਦਾ।‘ ਡੱਡ ਚੜ੍ਹੀ ਢੀਮੇਂ, ਆਖੇ ਮੈਂ ਕਸ਼ਮੀਰ ਡਿੱਠਾ' ।
ਸ਼ਾਹ ! ਤੂੰ ਵੀ ਤ੍ਰਾਣ ਤਾਂ ਪੂਰਾ ਲਾ ਚੁਕਾ ਜਾਪਦਾ ਹੈਂ ਪਰ ਤੇਰੀ ਮੁਰਾਦ ਪੂਰੀ ਨਹੀਂ ਹੋਈ । ਤੇਰੀ ਤਾਂ ਇਹ ਹਾਲਤ ਹੈ ਕਿ 'ਡਰਕ ਡਰਕ ਮੋਈ ਤੇ ਪੇਕੇ ਨਾ ਪੁਨੀ'।