ਰਜਨੀ -ਵੀਰ ਜੀ ! ਕੀ ਦੱਸਾਂ ? ਚਿੰਤਾ ਦੇ ਖਾਰੇ ਸਮੁੰਦਰ ਹੋਈ ਹਾਂ। ਦਿਲ ਫੋਲਾਂ ਤਾਂ ਕਿਸ ਅੱਗੇ ਫੋਲਾਂ । ਮਨ ਦੀ ਹਵਾੜ ਕਿਸ ਅੱਗੇ ਕੱਢਾਂ 'ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਬੇ-ਦਰਦੀ ।'
ਜੇ ਸਚਮੁਚ ਦਿਲ ਦਿਲਾਂ ਦੇ ਸਾਖੀ ਹੁੰਦੇ ਨੇ ਤਾਂ ਜ਼ਰੂਰ ਮੇਰੇ ਇਨ੍ਹਾਂ ਕਮਜ਼ੋਰ ਖ਼ਿਆਲਾਂ ਦਾ ਅਸਰ ਉਸ ਤੇ ਪੈਂਦਾ ਹੋਵੇਗਾ ।
ਰਤਾ ਇੱਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ 'ਦਿਲ ਦੀ ਲਗੀ ਬੁਝਾ ਲੈਣ ਦੇਹ' ।
ਮਨ- ਵਰਿਆਮ, ਪੈਸੇ ਨਾਲ ਨਹੀਂ ਕੋਈ ਅਮੀਰ ਬਣਦਾ, 'ਦਿਲ ਬਾਦਸ਼ਾਹ ਹੋਣੇ ਚਾਹੀਦੇ ਹਨ'।
ਕੁਛ ਪਾਗਲ ਹੈ ਜਾਂ ਘੱਟ ਤੋਂ ਘੱਟ ਮੂਰਖ ਹੈ, ਪਰ ਨਹੀਂ 'ਦਿਲਾਂ ਦੇ ਸਾੜ ਬੁਰੇ' ਦਿਲ ਜਦੋਂ ਠੋਕਰ ਖਾ ਜਾਵੇ ਤਦੋਂ ਇਹੀ ਅਖਾਣ ਵਰਤਦੇ ਹਨ।
ਕੀ ਹੋਲੀ ਮਨਾਵਾਂ ? ਕਿੰਨੇ ਚਿਰ ਤੋਂ ਬੱਚੇ ਦੀ ਕੋਈ ਖਬਰ ਨਹੀਂ ਆਈ, 'ਦਿਲ ਨੂੰ ਹੋਵੇ ਕਰਾਰ, ਤਦੇ ਸੁੱਝੇ ਦਿਨ ਦਿਹਾਰ'।
ਤੂੰ ਭਾਵੇਂ ਦੱਸ ਭਾਵੇਂ ਨਾ ਦੱਸ ਗੱਲ ਮੈਂ ਤੇਰੀ ਸਮਝ ਲਈ ਹੈ। 'ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ।'
ਮੁਨਸ਼ੀ - ਕਾਕਾ, ਤੇਰਾ ਤਾਂ ਇਹ ਹਾਲ ਹੈ ਕਿ 'ਦਿੱਲੀ ਦੇ ਬਾਂਕੇ, ਬਗਲ ਵਿੱਚ ਇੱਟਾਂ’, ਖੱਟਦਾ ਕਮਾਦਾਂ ਤਾਂ ਤੂੰ ਕੁਝ ਨਹੀਂ, ਪਰ ਨਖਰਾ ਬੜਾ ਕਰਦਾ ਹੈਂ।
ਮੇਰੇ ਘਰ ਅੱਜ ਪੁੱਤਰ ਜੰਮਿਆ ਹੈ। ਅੱਜ ਜਨਮ ਜਨਮਾਤਰਾਂ ਦਾ ਹਨੇਰਾ ਦੂਰ ਹੋਇਆ ਹੈ । 'ਦੀਵਾ ਬਲਿਆ ਹਨੇਰਾ ਟਲਿਆ।'
ਉਹ ਤੇ ਬੜਾ ਗਿਆਨ ਘੋਟਦਾ ਹੈ ਪਰ ਕਰਤੂਤ ਇਹ! ਦੀਵੇ ਥੱਲੇ ਹਨੇਰਾ ਹੀ ਤਾਂ ਹੁੰਦਾ ਹੈ।
ਜੀਤ ਸਿੰਘ- ਆਹੋ ਸਰਦਾਰ ਜੀ, ਤੁਹਾਡੇ ਕਹਿਣ ਦੀ ਲੋੜ ਨਹੀਂ, ਮੈਨੂੰ ਜਿਵੇਂ ਆਖੋਗੇ ਉਦਾਂ ਹੀ ਕਰਾਂਗੇ। ਅਕਸਰ ‘ਦੀਵੇ ਨਾਲ ਹੀ ਦੀਵਾ ਬਲਦਾ ਹੈ' ਤੁਸੀਂ ਮੇਰਾ ਭਾਰ ਵੰਡਾਉਗੇ ਤਾਂ ਮੈਂ ਤੁਹਾਡਾ।
ਸਾਹਿਬਾਂ- ਪਤੀ ਜੀ ! ਕਿਉਂ ਹਾਏ ਹਾਏ ਕਰਦੇ ਹੋ ? ਕਿੱਥੇ ਪੀੜ ਏ ? ਦੁਖ ਸੁਖ ਸਰੀਰ ਦਾ ਭੋਗ ਏ । ਤੁਹਾਡਾ ਹੌਸਲਾ ਤਾਂ ਨਿਆਣਿਆਂ ਨਾਲੋਂ ਵੀ ਘੱਟ ਏ । ਤੁਸੀਂ ਜਾਣਦੇ ਓ 'ਦੁੱਖ ਆਉਂਦਾ ਘੋੜੇ ਦੀ ਦੌੜ ਏ, ਜਾਂਦਾ ਜੂੰ ਦੀ ਤੋਰ ਏ' ਕੁਝ ਸਬਰ ਕਰੋ।