ਦੂਜਿਆਂ ਦੇ ਲਾਰਿਆਂ ਤੇ ਮੈਂ ਚੀਜ਼ ਨਹੀਂ ਦੇਣੀ, ਪੈਸੇ ਤਾਂ ਪੱਲਿਉਂ ਤੋਰਦੀ ਨਹੀਂ ਤੇ ਚੀਜ਼ਾਂ ਏਨੀਆਂ ਕੀਮਤੀ ਮੰਗਦੀ ਹੈਂ ? 'ਦਾਣੇ ਮੁਰਲੀ ਦੇ ਤੇ ਹੱਥ ਘੁੱਗੂ ਨੂੰ' ਇਹ ਸੌਦਾ ਕਿਵੇਂ ਬਣੇ ?
ਧਨ ਕਰਕੇ ਤਾਂ ਕਈ ਰੰਨਾਂ ਆਣ ਜੁੜਦੀਆਂ ਹਨ। 'ਦਾਤਾ ਕਾਲ ਪਰਖੀਏ, ਧਨ ਫਗਣ ਮਾਹਿ, ਘਰ ਦੀ ਨਾਰ ਪਰਖੀਏ ਜੇ ਧਨ ਪਲੇ ਨਾਹਿ । ਸੱਚੀ ਤਾਂ ਨਾਰਿ ਉਹੀ ਹੈ ਜੋ ਗ਼ਰੀਬੀ ਵਿੱਚ ਸਾਥ ਨਿਭਾਵੇ।
ਸਰਦਾਰ ਜੀ ਪਾਸੋਂ ਜੋ ਵੀ ਆਵੇ ਮੂੰਹ ਮੰਗੀ ਮੁਰਾਦ ਪਾਉਂਦਾ ਹੈ, ਪਰ ਪਤਾ ਨਹੀਂ ਮੁਨਸ਼ੀ ਕਿਉਂ ਕਲਪਦਾ ਰਹਿੰਦਾ ਹੈ ? ਇਹ ਤਾਂ ਉਹੀ ਗੱਲ ਹੋਈ ਅਖੇ ‘ਦਾਤਾ ਦਾਨ ਕਰੇ, ਭੰਡਾਰੀ ਦਾ ਦਿਲ ਘਟੇ।'
ਇਸ ਪਿੰਡ ਦੀ ਰੌਣਕ ਘਟਨੀ ਹੀ ਹੋਈ ਨਾ, ਕਾਰੀ ਦਾ ਤਾਂ ਕੋਈ ਬੰਦਾ ਹੁਣ ਦਿਸਦਾ ਨਹੀਂ ਅਖੇ 'ਦਾਤੇ ਦਾਤੇ ਮਰ ਗਏ ਤੇ ਰਹਿ ਗਏ ਮੱਖੀ ਚੂਸ।'
ਬਾਬਾ- ਸਰਦਾਰ ਜੀ, ਦਾਣੇ ਬੜੀ ਚੰਗੀ ਚੀਜ਼ ਹਨ। ਜੇ ਲੋੜਵੰਦ ਨੂੰ ਦਿੱਤਾ ਜਾਵੇ, ਕਈ ਲੋੜਵੰਦਾਂ ਦਾ ਕੰਮ ਸਰ ਜਾਂਦਾ ਹੈ ਤੇ ਉਹ ਸੁਖੀ ਹੋ ਜਾਂਦੇ ਹਨ। ਸਿਆਣਿਆਂ ਨੇ ਇਸੇ ਲਈ ਕਿਹਾ ਹੈ 'ਦਾਤੇ ਦਾ ਦਾਨ ਤੇ ਗ਼ਰੀਬ ਦਾ ਇਸ਼ਨਾਨ ।
ਦੁਨੀਆਂ ਵਹਿਮਾਂ ਤੇ ਭਰਮਾਂ ਦੀ ਸ਼ਿਕਾਰ ਹੈ। ਇੱਕ ਦਾ ਲੜ ਨਹੀਂ ਫੜਦੀ, 'ਦਾਦੂ ਦੁਨੀਆਂ ਬਾਵਰੀ, ਮੜ੍ਹੀਆਂ ਪੂਜਨ ਊਤ।'
ਬਾਬਾ- ਸਿੰਘ ਜੀ ! ਦਾਨ ਕਰਨਾ ਬੜਾ ਚੰਗਾ ਕੰਮ ਹੈ, ਪਰ ਜੇ ਵਿੱਤ ਅਨੁਸਾਰ ਕੀਤਾ ਜਾਏ, ਨਹੀਂ ਤਾਂ ਦਾਨੀ ਵੀ ਦੁਖੀ ਹੋਣ ਲੱਗ ਪੈਂਦਾ ਹੈ। 'ਦਾਨ ਵੀ ਵਿੱਤ ਸਮਾਨ ਹੀ ਹੋਣਾ ਚਾਹੀਦਾ ਹੈ।'
ਪਹਿਲਾਂ ਹੋਸ਼ ਕਰਨੀ ਸੀ, ਵਿਆਜ ਉੱਤੇ ਲਿਆ ਰੁਪਿਆ ਸਦਾ ਦੁਖ ਦੇਂਦਾ ਹੈ। 'ਦਾਮ ਬਿਆਜੀ, ਖੇਤ ਪਿਆਜੀ' ਵਿਆਜ ਤਾਂ ਕੌੜੀ ਵੇਲ ਵਾਂਗ ਵਧਦਾ ਹੈ।
ਅੱਜ ਕੱਲ੍ਹ ਦੇ ਜੰਟਲਮੈਨਾਂ ਦਾ ਇਹੀ ਹਾਲ ਹੈ, ਅਖੇ ‘ਦਾਲ ਅਲੂਣੀ, ਕੱਪੜੇ ਸਬੂਨੀ' ਬਾਹਰ ਦਾ ਹੀ ਦਿਖਾਵਾ ਹੈ । ਅੰਦਰੋਂ ਪੋਲ਼ੇ ਹਨ।
ਭੈਣ, ਤੇਰੀ ਇਹ ਬੜੀ ਭੈੜੀ ਵਾਦੀ ਹੈ, ਕਿ ਪਹਿਲਾਂ ਜ਼ਰੂਰ ਝਗੜਾ ਪਾਣਾ, ਤੇ ਫੇਰ ਟਿਕਾਣੇ ਵੀ ਆ ਜਾਣਾ। ਤੇਰਾ ਤਾਂ ਇਹ ਹਾਲ ਹੈ ਅਖੇ 'ਦਾਲ ਚੌਲ ਰਿਨ੍ਹਾਏ, ਝਖ ਮਾਰ ਖਿਚੜੀ ਖਾਏ।'
ਕਈ ਬੱਚੇ ਹੁੰਦੇ ਗ਼ਰੀਬ ਹਨ, ਪਰ ਰੀਸ ਉਨ੍ਹਾਂ ਦੀ ਕਰਦੇ ਹਨ ਜੋ ਅਮੀਰ ਹੁੰਦੇ ਹਨ। ਅਜੇਹੀ ਰੀਸ ਦੁੱਖ ਦੇਂਦੀ ਹੈ । ਚਾਹੀਦਾ ਇਹ ਹੈ ਪਈ 'ਦਾਲ ਰੋਟੀ ਖਾਹ ਤੇ ਨੱਕ ਦੀ ਸੇਧੇ ਜਾਹ।'
ਮਾਰ ਕਿਤੇ ਵਿਹੜਾ ਸੰਬਰ, ਕਿਤੇ ਚੌਕਾ ਪੋਚ, ਕਿਤੇ ਭਾਂਡੇ ਚਿਲਕਾ । ਮੈਂ ਤਾਂ ਵਡੇ ਵੇਲੇ ਹੀ ਸਮਝ ਲਿਆ ਸੀ ਕਿ ਅੱਜ ਕੁਝ 'ਦਾਲ ਵਿੱਚ ਕਾਲਾ ਜ਼ਰੂਰ ਆ ।