ਮਿਲ ਕੇ ਗੁਜ਼ਾਰਾ ਕਰੋਗੇ ਤਾਂ ਸਮਾਂ ਚੰਗਾ ਲੰਘ ਜਾਏਗਾ। ਆਖਦੇ ਨਹੀਂ, ਥੋੜ੍ਹਾ ਥੋੜ੍ਹਾ ਖਾਈਏ ਦੁਵੇਲੇ ਚੁਲ੍ਹਾ ਤਾਈਏ।
ਹੋਇਆ ਵਿਚਾਰੇ ਨਾਲ ਧੋਖਾ ਹੀ ਹੈ ਪਰ ਲਾਲਚ ਵਿੱਚ ਫਸ ਗਿਆ, ਬਹੁਤਾ ਲਾਲਚ ਕਰਦਾ ਕਰਦਾ ਥੋੜੇ ਤੋਂ ਭੀ ਗਿਆ । ਛੋਟੀ ਨੌਕਰੀ ਤੋਂ ਅਸਤੀਫਾ ਦੇ ਬੈਠਾ ਤੇ ਵੱਡੀ ਮਿਲੀ ਨਾ। ਹੁਣ ਦੁਖੀ ਹੈ। ਉਸ ਨਾਲ ਤਾਂ ਉਹ ਗੱਲ ਹੋਈ ਥੋੜੀ ਛੱਡ ਬਹੁਤੀ ਨੂੰ ਧਾਵੇ ਅਗਲੀ ਭੀ ਉਸ ਹੱਥੋਂ ਜਾਵੇ।
ਸਰਦੂਲ-ਵਿਚਾਰੇ ਨੇ ਦੋ ਚਾਰ ਟੋਕਰੀਆਂ ਰੱਖ ਹੱਟੀ ਪਾਈ, ਪਰ ਉਹ ਚੱਲੀ ਨਾ ਹੱਟੀ ਬੰਦ ਕਰਨੀ ਪਈ। ਅਖੇ 'ਥੋੜੀ ਪੂੰਜੀ ਖਸਮੇ ਖਾਇ' ਹੁਣ ਮਾੜੀ ਮੋਟੀ ਨੌਕਰੀ ਭਾਲਦਾ ਹੈ।
ਸੁਭਦ੍ਰਾ- ਭਰਾ ! ਤੁਸੀਂ ਇਹ ਕੀ ਕਹਿਰ ਕੀਤਾ ? ਸਿਰਫ ਚਿੱਟੀ ਸ਼ਕਲ ਤੇ ਡੁੱਲ ਪਏ 'ਦਹੀਂ ਦੇ ਭੁਲੇਖੇ ਕਪਾਹ ਦੀ ਫੁੱਟੀ ਨਹੀਂ ਖਾਈਦੀ। ਕੁਝ ਸੋਚਣਾ ਤਾਂ ਸੀ ?
ਭਾਈ ਜੀ, ਇਉਂ ਜਾਪਦਾ ਹੈ ਕਿ ਤੁਸੀਂ ‘ਦਦਾ ਨਹੀਂ ਪੜ੍ਹਿਆ ਲਲਾ ਹੀ ਪੜ੍ਹਿਆ ਏ'। ਹਰ ਵੇਲੇ ਮੰਗਦੇ ਹੀ ਦਿਸਦੇ ਹੋ।
ਮਨ-ਫੇਰ ਉਹੋ ਗੱਲ ! ਭਾਈ ਹੀਲਾ ਕਰਨ ਨਾਲ ਹੀ ਰਿਜਕ ਮਿਲਦਾ ਹੈ। ਸਿਆਣੇ ਆਖਦੇ ਨੇ- ‘ਦੱਬ ਕੇ ਵਾਹ ਤੇ ਰੱਜ ਕੇ ਖਾਹ'।
ਇਸ ਨੂੰ ਦਬਾ ਕੇ ਰੱਖੋ। ਸਿਰ ਚੜ੍ਹਿਆ ਹੋਇਆ ਤੁਹਾਨੂੰ ਖੁਆਰ ਕਰੇਗਾ। 'ਦਬਿਆ ਬਾਣੀਆ ਪੂਰਾ ਤੋਲੇ'।
ਬਰਖੁਦਾਰ ਪਰ ਗੱਲ ਸੋਚ ਵਿਚਾਰ ਕੇ ਕੀਤਾ ਕਰੋ। ਕਦੀ ਵੀ ਨਿਕੰਮੀ ਚੀਜ਼ ਲਾਭਦਾਇਕ ਨਹੀਂ ਹੁੰਦੀ । ‘ਦਮੜੀ ਦਾ ਟੱਟੂ ਤੇ ਹੱਥਾਂ ਭੰਨੇ । ਮਾੜੀ ਚੀਜ਼ ਉਲਟਾ ਦੁੱਖ ਦੇਂਦੀ ਹੈ।
ਇਸ ਕੰਮ ਵਿੱਚ ਤਾਂ ਢੇਰ ਖਰਚ ਆ ਗਿਆ ਹੈ, ਪਰ ਪੱਲੇ ਕੁੱਝ ਵੀ ਪੈਂਦਾ ਨਜ਼ਰ ਨਹੀਂ ਆਉਂਦਾ । ਇਹ ਤਾਂ ‘ਦਮੜੀ ਦੀ ਬੁੱਢੀ, ਟਕਾ ਸਿਰ ਮੁਨਾਈ' ਵਾਲਾ ਲੇਖਾ ਜਾਪਦਾ ਹੈ।
ਦਰਜ਼ੀਆਂ ਦੇ ਕੱਪੜੇ ਪਾਟੇ, ਤੇ ਤਰਖਾਣਾਂ ਦੇ ਮੰਜੇ ਸਦਾ ਟੁੱਟੇ ਰਹਿੰਦੇ ਹਨ। ਸਾਡੇ ਘਰ ਦੇ ਕੰਮ ਕਾਜ ਸਦਾ ਵਿੱਚ ਹੀ ਲਟਕਦੇ ਰਹਿੰਦੇ ਹਨ।
ਪਾਣੀ ਦੀ ਥੁੜ ਖੁਣੋ ਹੀ ਸਾਡੇ ਦੇਸ਼ ਵਿੱਚ ਕਾਲ ਪੈਂਦਾ ਹੈ । ਨਹੀਂ ਤਾਂ ‘ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਤਰਹਾਇਆ' ਹੁੰਦਾ ਹੈ।
ਨੌਕਰੀ ਜੂ ਹੋਈ, ਅਫਸਰ ਨਾਲ ਵਿਗਾੜ ਕੇ ਹੁਣ ਕਿਵੇਂ ਰਹੀਏ,‘ਦਰਿਆਵਾਂ ਵਿੱਚ ਰਹਿਣਾ ਤੇ ਮਗਰ ਮੱਛਾਂ ਨਾਲ ਵੈਰ' ਵਾਲੀ ਗੱਲ ਹੈ ਫੇਰ ਤਾਂ।