ਉਸ ਦੀਆਂ ਤਾਂ ਅੱਜ ਕੱਲ 'ਪੰਜੇ ਉਂਗਲਾਂ ਘਿਉ ਵਿੱਚ ਹਨ'। ਕੰਮ ਕਾਰ ਚੜ੍ਹਦੀ ਕਲਾ ਵਿੱਚ ਹੈ ਤੇ ਪੁੱਤ ਸਾਰੇ ਚੰਗੇ ਅਹੁਦਿਆਂ ਤੇ ਲੱਗੇ ਹੋਇ ਹਨ।
ਉੱਥੇ ਤੇ ਕਮੇਟੀਆਂ ਵਾਲੇ ਬਹੁਤ ਚੰਗੇ ਕੰਮ ਕਰਦੇ ਹਨ। 'ਪੰਜੇ ਉਂਗਲਾਂ ਕਿਤੇ ਭੀ ਬਰਾਬਰ ਨਹੀਂ" ਪਰ ਤਾਂ ਭੀ ਉੱਥੇ ਤੇ ਇੱਥੇ ਦਾ ਕੋਈ ਮੁਕਾਬਲਾ ਨਹੀਂ ।
ਤੁਸੀਂ ਇਨ੍ਹਾਂ ਪੰਡਤਾਂ ਭਾਈਆਂ, ਮੁਲਾਣਿਆਂ ਦੀਆਂ ਗੱਲਾਂ ਤੇ ਨਾ ਜਾਇਆ ਕਰੋ । ਇਹ ਪੰਡਤ, ਵੈਦ, ਮਸਾਲਚੀ ਤਿੰਨੇ ਇਕ ਸਮਾਨ' ਹੁੰਦੇ ਹਨ । ਇਨ੍ਹਾਂ ਦਾ ਉਪਦੇਸ਼ ਲੋਕਾਂ ਲਈ ਹੀ ਹੁੰਦਾ ਹੈ । ਆਪਣੇ ਲਈ ਨਹੀਂ।
ਮਨ- (ਸ਼ਾਹ ਨੂੰ) ਇਹ ਜੀ ਕੁੜੀਆਂ ਦੇ ਸਕੂਲ ਵਿਚ ਹੈੱਡ ਮਿਸਟ੍ਰੈਸ ਨੇ। ਇਹਨਾਂ ਦੀ ਲਿਆਕਤ ਤੇ ਮਿਹਨਤ ਦਾ ਅਸਰ, ਰਸੂਖ ਤੁਸੀਂ ਆਪ ਵੇਖ ਲੈਣਾ। ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ?
ਇਹ ਸੀ ਪ੍ਰੀਤ ਦੀ ਰੀਤ ਜਿਹੜੀ ਨਿਮਾਣੀ ਰਾਮ ਕੁਮਾਰੀ ਇਕ ਸੱਚੇ ਪੁਜਾਰੀ ਵਾਂਗ ਨਿਬਾਹ ਰਹੀ ਸੀ। ਪਰ 'ਪ੍ਰੀਤ ਦੀ ਰੀਤ ਨਿਆਰੀ ਹੈ।'
‘ਪ੍ਰੇਮ ਦਾ ਕੋਈ ਨੇਮ ਨਹੀਂ ਜਿਵੇਂ ਵੇਗ ਆਵੇ ਵਹਿ ਤੁਰੇ।'
ਹੁਣ ਰੋਣਾ ਫਜੂਲ ਹੈ। 'ਫਸ ਗਈ ਤਾਂ ਫਟਕਣ ਕੀ ?' ਹੁਣ ਤਾਂ ਜਿਵੇਂ ਕਿਵੇਂ ਜ਼ਿੰਮੇਵਾਰੀ ਨਿਬਾਹਵਾਂਗੇ।
ਇਹ ਦਸ਼ਾ ਦੇਖਕੇ ਮਰਾਸਣ ਦੇ ਕਲੇਜੇ ਵਿੰਨੇ ਗਏ, ਪਰ ਕੀ ਕਰਨ 'ਫਕੀਰ ਦਾ ਕਹਿਰ ਝੋਂਪੜੀ ਤੇ।'
ਕਿਰਤੀ-ਗ਼ਰੀਬ ਹਾਂ, ਪਰ ਅਣਖ ਤੁਸਾਡੇ ਨਾਲੋਂ ਘੱਟ ਨਹੀਂ। ਅਜ਼ਮਾ ਵੇਖੋ ਅਖੇ ‘ਫਕੀਰ ਦੀ ਬੁਰ ਤੇ ਅਮੀਰ ਦਾ ਦਰ ਬਰਾਬਰ' ਵਾਲਾ ਲੇਖਾ ਹੈ ਇੱਥੇ।
ਕਈ ਵਾਰੀ ਅਜਿਹਾ ਹੋਇਆ ਕਿ ਪ੍ਰਕਾਸ਼ ਦੀ ਕੋਈ ਇਖਲਾਕੀ ਗਿਰਾਵਟ ਵੇਖਕੇ ਮਦਨ ਵੱਲੋਂ ਝਾੜਾਂ ਦੀ ਬੁਸ਼ਾੜ ਸ਼ੁਰੂ ਹੋ ਗਈ ਤੇ ਪ੍ਰਕਾਸ਼ ਬਿੱਲੀ ਬਣ ਕੇ ਸੁਣੀ ਗਿਆ। ਪਰ ਫਿਟਕਾਰਾਂ ਦਾ ਅਸਰ ਕੀ ? ਬਸ 'ਫਤੂ ਦੀ ਫਤ ਫਤ'।
ਜਾਹ ਨੀ, ਆਪਣਾ ਕੰਮ ਕਰ। ‘ਫਫੇ ਕੂਟਣ, ਲੱਗੀ ਲੁੱਟਣ' ਚਲਾਕੀਆਂ ਨਾਲ ਤੂੰ ਮੇਰਾ ਵੀਰ ਲੁੱਟ ਖਾਧਾ।
ਕਿਤੋਂ ਆਵਾਜ਼ ਆਈ ਸੀ ਕਿ ਪੋਸਤੀ ਨੂੰ ਕੋਈ ਚੀਜ਼ ਮਿਲਣੀ ਹੈ। ਸਿਰ ਤੇ ਹੱਥ ਰੱਖਿਆ ਤਾਂ ਰੂੰ-ਪੂਣੀ ਦੇਖਕੇ ਬੋਲੇ- ਹੈਂ ! ਕੜਾਈ ਗਈ, ਉਣਾਈ ਗਈ, ਤਣਾਈ ਗਈ, ਧੁਆਈ ਗਈ, ਛਪਾਈ ਗਈ । 'ਫੇਰ ਰੂੰ ਦੀ ਰੂੰ ਰਹਿ ਗਈ।'