ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥ ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ।।
ਤੁਸੀਂ ਵੀ ਉਨ੍ਹਾਂ ਵਿੱਚੋਂ ਭੇਡਾਂ ਚੰਗੀਆਂ ਪਛਾਣਦੇ ਹੋ। ਅਖੇ 'ਫੜਿਆ ਚੋਰ ਤੇ ਨਿਕਲਿਆ ਜੁਲਾਹਾ' ਬੰਦਾ ਕੁਬੰਦਾ ਤਾਂ ਵੇਖ ਲਿਆ ਕਰੋ ।
ਮੈਂ ਵਰਜਦਾ ਰਿਹਾ ਉਸ ਯਤੀਮ ਨਾਲ ਵਿਆਹ ਨਾ ਕਰ । ਪਰ ਇਹਨੇ ਮੇਰੀ ਇੱਕ ਨਾ ਮੰਨੀ। ਅਖੇ ਫਾਕੇ ਪਏ ਮਰਾਂਗੇ, ਲਾਡ ਪਏ ਕਰਾਂਗੇ।
ਰਾਇ ਸਾਹਿਬ- ਸਾਡੇ ਵਲੋਂ ਕੋਈ ਅਮਰੀਕਨ ਰੀਟਰਨਡ ਮਿਲ ਜਾਏ, ਪਰ ਮਿਲੇ ਭੀ। ਇਹ ਤਾਂ ‘ਫਾਥੀਆਂ ਨੂੰ ਛੱਡ ਕੇ ਉੱਡਦੀਆਂ ਦੇ ਪਿਛੇ ਨੱਠਣ ਵਾਲੀ ਗੱਲ ਏ।
ਨਿੱਤ ਸਾਢੂ ਦੀ ਸਿਫਤ ਸ਼ੁਰੂ ਕਰ ਲੈਂਦਾ ਏ, ਯਾਰ ! ਤੈਨੂੰ ਉਹਦੀ ਦੌਲਤ ਦਾ ਕੀ ਭਾਅ ? ‘ਫਿਫਰ ਦਾ ਕੀ ਸਾਲਣਾ ਤੇ ਸਾਂਢੂ ਦਾ ਕੀ ਸਾਕ' ?
ਉਸ ਸਮੇਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਅਸਾਂ ਭੁੱਲ ਕੀਤੀ ਤੇ ਸਿਆਣਿਆਂ ਦੀ ਸਿੱਖਿਆ ਨਹੀਂ ਮੰਨੀ ਤੇ ਮਨ ਦੇ ਵੇਗ ਮਗਰ ਲੱਗੀਆਂ। ਪਰ 'ਫਿਰ ਪਛਤਾਏ ਕਿਆ ਹੋਇ ਜਬ ਚਿੜੀਆਂ ਚੁਗ ਗਈਆਂ ਖੇਤ"।
ਬਥੇਰਾ ਸਮਝਾਇਆ ਪਈ ਤੇਰੇ ਵਿੱਤ ਦੀ ਇਹ ਖੇਡ ਨਹੀਂ। ਪਰ ਇਹ ਨਾ ਹੀ ਮੰਨਿਆ। ਅੰਤ ਘਰ ਝੁੱਗਾ ਫੂਕ ਕੇ ਅੱਗੇ ਨਾਲੋਂ ਵੀ ਭੈੜੇ ਹਾਲ ਮੁੜਿਆ । ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਪਈ 'ਫੀਸਾਂ ਤੇ ਜੁਰਮਾਨਿਆਂ ਦੀ ਭਰ ਲੈ ਚੱਟੀ, ਓੜਕ ਬੱਚਾ ਮੂਲਿਆ ਤੂੰ ਬਹਿਣਾ ਹੱਟੀ।'
ਭਾਈ ਮਿਲ ਜੁਲ ਕੇ ਹੀ ਅੱਜ ਕੱਲ੍ਹ ਕੋਈ ਕੰਮ ਸਿਰੇ ਚੜ੍ਹ ਸਕਦਾ ਹੈ। ਜਿੱਥੇ ਫੁੱਟ ਪਈ ਸਮਝੋ ਘਰ ਤਬਾਹ ਹੋ ਗਿਆ । ਸਿਆਣਿਆਂ ਨੇ ਸਚ ਆਖਿਆ ਹੈ ਕਿ 'ਫੁੱਟ ਸੈਣ ਤੇ ਇੱਕ ਰਸੈਣ।'
‘ਫੁੱਲਾਂ ਦੀ ਵਾਸ਼ਨਾ ਦੂਰੋਂ ਚੰਗੀ' ਦੂਰ ਦੇ ਢੋਲ ਸੁਹਾਵਣੇ। ਨੇੜੇ ਹੋ ਕੇ ਮਿੱਤਰ ਨੂੰ ਵੇਖਿਆ ਤਾਂ ਅੰਦਰੋਂ ਪਾਪ ਹੀ ਪਾਪ ਦਿਸੇ।
ਬਿਨਾਂ ਔਗੁਣਾਂ ਦੇ ਤਾਂ ਬਸ ਇਕ ਰੱਬ ਦੀ ਜ਼ਾਤ ਹੀ ਹੈ । ਹਰ ਫੁੱਲ ਨਾਲ ਕੰਡੇ ਜ਼ਰੂਰ ਹੁੰਦੇ ਹਨ ।
ਅਡ ਅਡ ਹਰਫ ਰਲੋ, ਰਲ ਮਿਲਕੇ ਰੱਬੀ ਭੇਤ ਲਿਖਾਓ। ਫੂਹੀਏ ਫੂਹੀਏ ਮਿਲ ਕੇ, ਬਦਲ ਵਿਚ ਅਸਮਾਨ ਉਡਾਓ ।
ਪੋਰਸ- ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ, ਸੂਰਾ ਉਹ ਜੋ ਮੈਦਾਨ ਵਿਚ ਜੰਗ ਲੜੇ। ਫੋਕਾ ਰੌਲਾ ਗਿੱਦੜ ਪਾਉਂਦੇ ਨੇ।