ਰਾਣੀ- ਤੁਸੀਂ ਮਾਲਕ ਹੋ, ਜੋ ਜੀ ਆਵੇ ਕਰੋ ਪਰ ਆਪਣੀ ਤਾਕਤ ਦਾ ਪੂਰਾ ਪਤਾ ਕਰ ਲੈਣਾ। 'ਫੋਕੀ ਸ਼ੇਖੀ ਦਾ ਮੁਲ ਮਖੌਲ, ਪਿੱਛੋਂ ਲੋਕੀ ਕੋਸਣਗੇ !
ਹੁਣ ਚਰਚਾ ਨਾ ਕਰੋ, ਸੰਭਾਲ ਤਾਂ ਤੁਸਾਡੇ ਘਰ ਹੈ ਨਹੀਂ, ਦੂਜਿਆਂ ਨੂੰ ਮੰਦੀ ਚੰਗੀ ਕਹਿਣ ਦਾ ਕੀ ਹੱਜ ? ‘ਬਸਤ ਨਾ ਸਾਂਭੇ ਆਪਣੀ ਚੋਰਾਂ ਗਾਲੀ ਦੇ' ਉਹਨੂੰ ਲੋਕੀ ਮੂਰਖ ਹੀ ਆਖਦੇ ਹਨ।
ਹੁਣ ਤੇ ਅਤਿ ਹੋ ਗਈ ਹੈ। ਹੋਰ ਦੁੱਖ ਨਹੀਂ ਸਹਾਰਿਆ ਜਾਂਦਾ । 'ਬੱਸ ਤੇ ਰੱਬ ਦੇ ਵੱਸ।'
ਸਿਰ ਤੇ ਨਾ ਮਾਂ ਨਾ ਪਿਉ, 'ਬਸ ਦਮ ਦਾ ਦਮ।
ਭਾਈ ‘ਬਸੰਤਰ ਦੇਵਤਾ, ਘਰ ਲਗੈ ਤਾਂ ਜਾਪੇ' ਦੂਜਿਆਂ ਦੇ ਦੁਖੀ ਹੋਣ ਤੇ ਮਖ਼ੌਲ ਹੀ ਕਰਦਾ ਰਹਿੰਦਾ ਏ। ਹੁਣ ਆਪਣੇ ਵੇਲੇ ਕਿਉਂ ਔਖਾ ਏਂ ?
ਉਂਝ ਤਾਂ ਦੇਵੀ ਮਾਤਾ ਦੀ ਦਿਆ ਨਾਲ ਕਿਸੇ ਗੱਲ ਦੀ ਪਰਵਾਹ ਨਹੀਂ। ਰਿਜ਼ਕ ਕਿਤੇ ਮਿਟਿਆਂ ਨਹੀਂ ਮਿਉਂਦਾ, ਪਰ ਫੇਰ ਵੀ ਆਖੀਦਾ ਏ, ‘ਬਹਿਕੇ ਖਾਧਿਆਂ ਤਾਂ ਖੂਹ ਵੀ ਨਿਖੁਟ ਜਾਂਦੇ ਨੇ' ।
ਏਹੁ ਅੰਤੁ ਨਾ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ।।
ਬਹੁਤਾ ਮੇਲ ਜੋਲ ਵੀ ਖਰਾਬ ਕਰਦਾ ਹੈ । 'ਬਹੁਤਾ ਜਾਈਏ ਤਾਂ ਭਰਮ ਗਵਾਈਏ' ਆਪਣਾ ਆਪਣਾ ਸਭ ਦਾ ਭਰਮ (ਪੜਦਾ, ਮਾਣ) ਬਣਿਆ ਹੀ ਰਹੇ ਤਾਂ ਚੰਗਾ ਹੈ।
ਕੋਈ ਚੀਜ਼ ਵੀ ਹੱਦ ਤੋਂ ਬਾਹਰ ਹੋਵੇ ਤਾਂ ਔਖਿਆਂ ਕਰਦੀ ਹੈ । ਹਰ ਗੱਲ ਦੇ ਸੰਜਮ ਵਿਚ ਹੀ ਸੁੱਖ ਹੈ । ‘ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ। ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ'।
ਬਾਬਾ, ਤੁਸੀਂ ਹੀ ਦੱਸੋ ਕਿ 'ਬਹੁਤਿਆਂ ਦੀਆਂ ਲਾਠੀਆਂ ਇੱਕੋ ਜਣੇ ਦਾ ਭਾਰ' ਤਾਂ ਬਣਨਾ ਹੀ ਹੋਇਆ । ਜੇ ਸਾਰੇ ਥੋੜਾ ਥੋੜਾ ਹਿੱਸਾ ਵਡਾਉਣ ਤਾਂ ਇੰਨੀ ਮੁਸ਼ਕਲ ਨਹੀਂ ਬਣਦੀ।
ਲੰਘਣ ਨੂੰ ਉਮਰ ਕਿਹੜਾ ਹੁਣ ਖਲੋਤੀ ਹੋਈ ਹੈ, ਅਖੇ ਬਹੁਤੀ ਗਈ ਥੋੜੀ ਰਹੀ।
ਬਹੁਤੀ ਘਰੀਂ ਪਰਾਹੁਣਾ ਜਿਉਂ ਰਹਿੰਦਾ ਭੁੱਖਾ। ਸਾਝਾਂ ਥਾਪ ਨ ਰੋਈਐ ਚਿੱਤ ਚਿੱਤ ਨ ਰੁਖਾ।