ਖਸਮ ਨਾਨੀ ਕਰੈ, ਚੱਟੀ ਦੋਹਤਰੇ ਦੇ ਸਿਰ । ਪਾਪ ਤੁਸਾਂ ਕੀਤਾ ਤੇ ਪਾਪੀ ਮੈਂ । 'ਹਰਾਮ ਦੇ ਮਾਪੇ ਹੁੰਦੇ ਹਨ, ਬੱਚੇ ਨਹੀਂ।'
ਕੰਮ ਕਿਵੇਂ ਚਲਦਾ ? ਸਾਖ ਜੋ ਨਾ ਰਹੀ । ਉਧਾਰ ਲੈਕੇ ਇਸ ਨੇ ਤਾਂ ਕਦੀ ਮੋੜਨ ਦਾ ਨਾਂ ਨਹੀਂ ਸੀ ਲਿਆ।
ਬਣੀ ਤਣੀ ਦਾ ਸਭ ਕੋਈ ਸਾਥੀ ਸੀ। ਹੁਣ ਗ਼ਰੀਬੀ ਵਿੱਚ ਕੋਈ ਨਹੀਂ ਪੁੱਛਦਾ।
ਸੱਚ ਏ 'ਬਣੀ ਦੇ ਸਾਰੇ ਯਾਰ ਨੇਂ' ਦੁੱਖ ਵਿੱਚ ਕੌਣ ਕਿਸੇ ਦਾ ਬਣਦਾ ਏ ?
'ਬੱਤੀ ਦੰਦਾਂ ਵਿਚ ਜਿਕਰ ਇਕ ਨਰਮ ਤੇ ਕੋਮਲ ਜੀਭ ਵਸਦੀ ਹੈ, ਇਕਰ ਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿਚ ਨਿਮਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਬਾਹ ਹੋਣ ਲੱਗਾ।
ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨੀ ਏਂ, ਉੱਥੇ ਤਾਂ ਜੋ ‘ਬੱਤੀਆਂ ਦੰਦਾਂ ਵਿਚੋਂ ਮੰਗੋ ਹਾਜ਼ਰ' ਏ।
ਜੇ ਜੀਣਾ ਲੋੜਦੇ ਹੋ ਤਾਂ ਲੋਕਾਂ ਦੇ ਦੰਦਾਂ ਵਿਚ ਨਾ ਆਓ। ਸਿਆਣਿਆਂ ਆਖਿਆ ਹੈ ਬਦ ਨਾਲੋਂ ਬਦਨਾਮ ਬੁਰਾ'।
ਪੋਠੋਹਾਰ ਵਿੱਚ ਤਾਂ ਇਹ ਪ੍ਰਸਿੱਧ ਗੱਲ ਏ ਜੇ ਬੱਦਲ ਟਿੱਲੇ ਵਲੋਂ ਉਠਣ ਤਾਂ ਰੱਜ ਕੇ ਬਰਖਾ ਹੋਵੇਗੀ। ਇਸ ਲਈ ਤਾਂ ਇਹ ਅਖਾਣ ਮਸ਼ਹੂਰ ਏ ‘ਬਦਲ ਚੜ੍ਹਿਆ ਟਿਲਿਉਂ, ਗਾਂ ਮਹਿੰ ਨਾ ਖੁਲ੍ਹੀ ਕਿਲਿਉਂ।"
ਹੈਂਕੜ ਮਾੜੀ ਚੀਜ਼ ਹੈ । ਜਿਸ ਬ੍ਰਿਛ ਨੂੰ ਫਲ ਲੱਗੇ ਉਹ ਨਿਉਂਦਾ ਹੈ। ‘ਬੱਦਲ ਨੀਵਾਂ ਹੋਕੇ ਵਰ੍ਹਦਾ ਹੈ।' ਤੁਸੀਂ ਨਿਮ੍ਰਤਾ ਅੰਗੀਕਾਰ ਕਰੋ।
ਸੱਜਣਾ ! ਇਹ ਤੇਰੀਆਂ ਕਰਨੀਆਂ, ਲੋਕਾਂ ਤੇ ਪਾਈਆਂ ਕਸ਼ਟਣੀਆਂ ਤੇਰੇ ਤੇ ਇੰਜ ਆ ਪਈਆਂ ? 'ਬਦੀ ਕਰੇ ਪਰ ਨੂੰ, ਆ ਢੁਕੇ ਘਰ ਨੂੰ'। ਹੇ ਸੱਜਣਾ ! ਤੂੰ ਤਾਂ ਕਦੀ ਨਹੀਂ ਸੀ ਸਮਝਿਆ।
ਕਹਿੰਦੇ ਹਨ, ਬੁਰਿਆਈ ਦਾ ਬੇੜਾ ਭਰ ਕੇ ਡੁਬਦਾ ਹੈ। ਜੇ ਅਜੇ ਨਹੀਂ ਡੁੱਬਾ, ਤਾਂ ਚਾਰ ਦਿਨ ਹੋਰ ਉਡੀਕ ਕੇ ਵੇਖਣਾ। ਸ਼ਾਇਦ ਅਜੇ ਦੋ ਚਾਰ ਪੱਥਰਾਂ ਦੀ ਘਾਟ ਰਹਿੰਦੀ ਹੋਵੇ।
ਤੁਸਾਂ ਉਸਨੂੰ ਕੀਤੇ ਦੀ ਸਜ਼ਾ ਵੀ ਦੁਆ ਲਈ। ਹੁਣ ਬੱਸ ਕਰੋ । ਸਿਆਣੇ ਆਖਦੇ ਹਨ 'ਬੱਧਾ ਚੋਰ ਤੇ ਛੁੱਟਾ ਝਗੜਾ' ਹੋਰ ਵਧਾਣ ਨਾ ਵਧਾਉ।