ਜੱਟਾਂ ਨੂੰ ਤਾਂ ਬੀ ਪਾਉਣ ਦੇ ਢੰਗ ਵੀ ਪਤਾ ਨਹੀਂ । ਸਿਆਣਿਆਂ ਨੇ ਕਿਹਾ ਹੈ 'ਪੋਰਾ ਪਾਦਸ਼ਾਹ, ਕੇਰਾ ਵਜ਼ੀਰ ਤੇ ਛਟਾ ਪਖੀਰ।' ਸਭ ਤੋਂ ਚੰਗਾ ਢੰਗ ਪੋਰੇ ਦਾ ਹੀ ਹੈ, ਉਸ ਤੋਂ ਹੇਠਾਂ ਕੇਰੇ ਦਾ ਤੇ ਸਭ ਤੋਂ ਅਖੀਰ ਛਿਟੇ ਦਾ।
ਅੱਜ ਉਸਨੂੰ ਹਰਾਣਾ ਮੁਸ਼ਕਲ ਹੈ 'ਪੌ ਬਾਰਾਂ, ਦਾਉ ਸਤਾਰਾਂ' ਵਾਲੀ ਗੱਲ ਹੈ ਉਸ ਦੀ ਤਾਂ ਅੱਜ।
ਮੰਗੇ 'ਪੌ ਬਾਰਾਂ ਪੈਣ ਤਿੰਨ ਕਾਣੇ,' ਐਸੇ ਆਏ ਹੋਇ ਨੇ ਗੋਇਆ ਹਾਰ ਦੇ ਦਿਨ ।
ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ । ਆਖਰ ਇਸ ਵਿਚਾਰੇ ਗ਼ਰੀਬ ਨੇ ਕੀ ਵੱਡੀ ਮਾਰ ਮਾਰ ਲੈਣੀ ਏਂ ? 'ਪੌਲੀ ਚੜ੍ਹਿਆ ਸ਼ਿਕਾਰ, ਰੱਬਾ ਖੈਰ ਕਰੀ" ਵਾਲਾ ਹੀ ਹਾਲ ਹੋਣਾ ਹੈ।
ਕਈ ਘੰਟੇ ਮਗਜ਼ ਖਪਾਇਆ ਪਰ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਉਸ ਉਤੇ ਕੋਈ ਅਸਰ ਨਾ ਹੋਇਆ ।
ਹੋਰ ਕੋਈ ਹੁੰਦਾ ਤਾਂ ਕਸਮ ਅੱਲਾ ਦੀ ਮੈਨੂੰ ਕੀ ਲੋੜ ਸੀ, ਕੋਈ ‘ਪੰਜ ਪਕਾਵੇ, ਛੇਵੀਂ ਪੱਲੇ ਬੰਨੇ। ਪਰ ਇੱਥੇ ਤਾਂ ਹੋਇਆ ਆਪਤਵਲੀ ਦਾ ਮਾਮਲਾ । ਜਿਹੀ ਤੁਹਾਡੀ ਇੱਜ਼ਤ ਤਿਹੀ ਮੇਰੀ ।
ਪੰਜਾਬ ਦੇ ਜੰਮਿਆਂ ਨੂੰ ਸਦਾ ਮੁਹਿੰਮਾਂ' ਵਾਲਾ ਅਖਾਣ ਐਵੈਂ ਨਹੀਂ ਕਿਸੇ ਕਿਹਾ। ਭਾਰਤ ਤੇ ਜਿਹੜਾ ਭੀ ਹੱਲਾ ਹੋਇਆ, ਉਸ ਦਾ ਟਾਕਰਾ ਪੰਜਾਬੀ ਯੋਧਿਆਂ ਨੂੰ ਹੀ ਕਰਨਾ ਪਿਆ।
ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਹੈ, ਭੇਡ-ਚਾਲ ਚੱਲ ਪਈ ਹੈ। ਦੇਖੋ ਦੇਖੀ 'ਪੰਜਾਬੀ ਟੱਟੂ ਤੇ ਖੁਰਾਸਾਨੀ ਦੁਲੱਤੇ' ਵਾਲਾ ਹਿਸਾਬ ਹੋ ਗਿਆ ਹੈ । ਰੱਬ ਹੀ ਮੱਤ ਦੇਵੇ ਇਨ੍ਹਾਂ ਨੂੰ।
ਹਰ ਕੌਮ ਦਾ ਆਪਣਾ ਆਪਣਾ ਸੁਭਾ ਹੈ। ‘ਪੰਜਾਬੀ ਦਾ ਹੱਥ, ਹਿੰਦੁਸਤਾਨੀ ਦੀ ਜ਼ਬਾਨ। ਪਠਾਣ ਦਾ ਪੂਤ ਕਦੀ ਜਿੰਨ ਕਦੀ ਭੂਤ'।
'ਪੰਜਾਂ ਉਂਗਲਾਂ ਤੋਂ ਪੌਂਚਾ ਭਾਰਾ' ਹੁੰਦਾ ਹੈ। ਉਹ ਸਾਰੇ ਭਰਾ ਇਕੱਠੇ ਹਨ ਤੇ ਉਹੀ ਹੀ ਸਫਲ ਹੋਣਗੇ । ਤੁਸੀਂ ਭਾਵੇਂ ਬਹੁਤੇ ਹੋ ਪਰ ਵੱਖਰੇ ਵੱਖਰੇ ਹੋ ਚੁਕੇ ਹੋ।
ਸਿਆਣਿਆਂ ਨੇ ਐਵੇਂ ਨਹੀ ਜੇ ਆਖਿਆ 'ਪੰਜੀ ਪਰਮੇਸ਼ਰ।' ਤੁਸੀਂ ਪੰਜਾਂ ਨੇ ਕੰਮ ਸਿਰੇ ਚਾੜ੍ਹ ਦਿੱਤਾ ਨਹੀਂ ਤਾਂ ਇਕੱਲੇ ਇਕੱਲੇ ਦਾ ਕੰਮ ਨਹੀਂ ਸੀ ਇਹ।
ਹਰ ਕਿਸੇ ਦਾ ਮੁੱਲ ਹੈ। ਜਿੰਨਾ ਗੁੜ ਪਾਓ ਓਨਾ ਮਿੱਠਾ ਹੁੰਦਾ ਹੈ। 'ਪੰਜੀ ਮੀਤ, ਪੰਜਾਹੀ ਠਾਕਰ' ਜਿੰਨਾ ਮੁੱਲ ਤਾਰੋ, ਓਨਾ ਕੰਮ ਕਰਨ ਲਉ।