ਕੋਈ ਅਕਲ ਦੀ ਗੱਲ ਕਰ। ਅੱਗੇ ਹੀ ਇਸ ਢਾਈ ਮਰਲੇ ਥਾਂ ਉੱਤੇ ਹਜ਼ਾਰਾਂ ਰੁਪਏ ਖਰਚ ਕਰ ਬੈਠਾ ਏਂ। ਹਾਲਾਂ ਵੀ ਟਲਦਾ ਨਹੀਂ 'ਅਖੇ ਬਾਜਰੇ ਦੀ ਕੋਠੀ, ਗੁਜਰਾਤੀ ਜੰਦਰਾ'।
ਤੁਸੀਂ ਵੀ ਤਾਂ ਕਾਣੀ ਵੰਡ ਕੀਤੀ ਹੈ ਅਖੇ 'ਬਾਜ਼ਾਂ ਨੂੰ ਘਾਹ ਤੇ ਚਿੜੀਆਂ ਨੂੰ ਮਾਸ' ਗੜਬੜ ਤਾਂ ਪੈਣੀ ਹੀ ਸੀ।
ਓਇ ਸ਼ਾਹ ! ਤੇਰਾ ਸੁਭਾ ਇਸ ਉਮਰੇ ਵੀ ਜਿੱਦੀ ਹੀ ਰਿਹਾ। ਅਖੇ ਬਾਣ ਨਾ ਗਈ ਤੇਰੀ, ਬੁਢ ਬੁਢੇਂਦੀ ਵੇਰੀ। ਹੁਣ ਤਾਂ ਕੁਝ ਸੋਚਿਆ ਕਰ।
ਲੋਕੋ ਬਾਣੀਏ ਦੀ ਮਾਰ ਬੁਰੀ। ਬਾਣੀਓਂ, ਅੱਗੋਂ ਪਾਣੀਓਂ ਜੋ ਬਚਿਆ ਸੋ ਜਾਣੀਓ”।
ਜੀ ਤੁਸੀਂ ਬਾਣੀਏ ਦੇ ਪੁੱਤਰ ਨੂੰ ਪੱਟੀ ਨਾ ਪੜ੍ਹਾਓ। ਮੈਂ ਇਹ ਸਭੇ ਚਲਾਕੀਆਂ ਵੇਖੀਆਂ ਹੋਈਆਂ ਨੇ।
ਮੰਦੇ ਬੋਲਾਂ ਦੀ ਮਾਰ ਤੋਂ ਰੱਬ ਹੀ ਬਚਾਵੇ। 'ਬਾਤੜੀਉਂ ਘਰ ਉਜੜੇ, ਚੁਲ੍ਹੇ ਦਾਲ ਦੇ ਹੋ।'
ਪਿਉ ਉੱਤੇ ਹੀ ਜਾਣਾ ਸੀ ਪੁੱਤਰ ਨੇ ਵੀ । 'ਬਾਪ ਪਰ ਬੇਟਾ, ਤੁਖ਼ਮ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ'।
ਬੱਚਾ! ਜ਼ਿੰਮੇਵਾਰੀ ਬੜਾ ਦੁਖੀ ਕਰਦੀ ਹੈ। 'ਬਾਪੂ ਕਹਿੰਦੇ ਸਾਂ, ਸਦਾ ਸੁਖੀ ਰਹਿੰਦੇ ਸਾਂ। ਬਾਪੂ ਜਦ ਅਖਵਾਇਆ ਡਾਢਾ ਦੁਖ ਪਾਇਆ' ਵਿਆਹ ਕਰਨ ਤੋਂ ਪਹਿਲਾਂ ਰਤਾ ਸੋਚ ਲਉ।
ਪੁੱਤਰਾ ਮੇਰੇ ਵੱਲ ਵੇਖ। ਉਹ ਨਾ ਹੋਵੇ ਅਖੇ 'ਬਾਪੂ ਫਿਰੇ ਫੋਸੀ ਫੋਸੀ, ਪੁੱਤ ਬਖ਼ਸ਼ੇ ਪੰਡਾਂ' । ਆਪਣੀ ਵਿੱਤ ਦਾ ਵੀ ਧਿਆਨ ਕਰ ਲਵੀਂ ।
ਹਾਂ, ਦੇ ਗਈ ਏ ਦੋ ਸੱਸ ਪੁਰਾਣੀਆਂ ਕੁੜਤੀਆਂ। ਅਖੇ ‘ਬਾਬਲ ਮੇਰੇ ਚੋਲਾ ਦਿੱਤਾ ਸਾਹ ਲਵਾਂ ਤਾਂ ਪਾਟੇ'।
ਤੁਹਾਨੂੰ ਕੀ ਲੋੜ ਹੈ ਕੰਮ ਕਰਨ ਦੀ, ਜਦ ਪਿਉ ਦਾਦੇ ਦਾ ਖੱਟਿਆ ਬੇਅੰਤ ਧਨ ਪਿਆ ਹੈ । ਅਖੇ ਬਾਬਾ ਅਟੱਲ, ਪੱਕੀ ਪਕਾਈ ਘਲ'। ਕੰਮ ਧੰਧੇ ਲਈ ਅਸੀਂ ਥੋੜੇ ਹਾਂ ?
ਤੂੰ ਵੀ ਕੋਈ ਕੰਮ ਕਰਨਾ ਏਂ, ਕਿ ਧੁੱਪੇ ਪੈ ਕੇ ਵਿਹਲਿਆਂ ਉੱਕਦੇ ਰਹਿਣਾ ਏਂ । 'ਬਾਬਾ ਆਏ ਤਾਂ ਬੱਕਰੀਆਂ ਚਾਰੇ' ਦਾ ਵਤੀਰਾ ਚੰਗਾ ਨਹੀਂ।