ਜਿਨ੍ਹਾਂ ਨੇ ਭੁੱਖ ਦੇ ਦੁੱਖ ਡਿਠੇ ਹਨ, ਉਹ ਰੋ ਰੋ ਕਹਿੰਦੇ ਸੁਣੀਦੇ ਹਨ। 'ਬਾਬਾ! ਮੌਤੋਂ ਭੁੱਖ ਬੁਰੀ।'
ਕੰਮ ਤਾਂ ਵਿਗੜਨਾ ਹੀ ਸੀ ਜਦ 'ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ ਸਨ।' ਦੋਹਾਂ ਵਿੱਚੋਂ ਇਕ ਧਿਰ ਨਿੰਵਦੀ ਤਾਂ ਫੈਸਲਾ ਝਟ ਹੋ ਜਾਂਦਾ।
ਜਿਸ ਦਿਨ ਤੋਂ ਚਾਰ ਵਰਨਾਂ ਦਾ ਰੋਟੀ ਬੇਟੀ ਦੀ ਸਾਂਝ ਨੂੰ ਛੱਡਕੇ ‘ਬਾਰਾਂ ਪੂਰਬੀਏ ਤੇਰਾਂ ਚੁਲ੍ਹੇ' ਵਾਲਾ ਹਿਸਾਬ ਤੁਰਿਆ ਹੈ, ਭਾਰਤ ਵਰਸ਼ ਨੂੰ ਘਾਟਾ ਹੀ ਘਾਟਾ ਪਿਆ ਹੈ।
ਛੱਡ ਯਾਰ ! ਤੂੰ ਵੀ ਤਾਂ ਭੋਂਦੂ ਸੀ ਨਿਰਾ। ਅਖੇ ਬਾਰਾਂ ਵਰ੍ਹੇ ਦਿੱਲੀ ਰਹੇ ਤੇ ਭੱਠੀ ਹੀ ਝੋਂਕਦੇ ਰਹੇ। ਏਡੇ ਵੱਡੇ ਕਿਹੜਿਆਂ ਵਹਿਣਾਂ ਵਿਚ ਜਾ ਪਿਆ ਏਂ। ਲੱਗਾ ਜੇ ਹੋਰ ਚੰਨ ਚਾਹੜ੍ਹਨ।
ਕੰਮ ਵੀ ਹੋਇਆ, ਤਾਂ ਕੀ ਹੋਇਆ, 'ਬਾਰ੍ਹੀਂ ਵਰ੍ਹੀਂ ਸੰਢ ਵਿਆਹੀ, ਉਸ ਵੀ ਕਾਣੀ ਧੀ ਜਾਈ' । ਪਹਿਲਾਂ ਦੋ ਵਰ੍ਹੇ ਉਡੀਕਦੇ ਰਹੇ, ਹੁਣ ਚਾਲੀ ਰੁਪਏ ਦੀ ਨੌਕਰੀ ਦਿੰਦੇ ਹਨ।
'ਬਾਲ ਕੁਬਾਲ ਪੰਘੂੜਿਉਂ ਈ ਸੰਜਾਪੇ ਜਾਂਦੇ ਨੇ' । ਇਹ ਬੱਚਾ ਵੱਡਾ ਹੋ ਕੇ ਜ਼ਰੂਰ ਨਾਮਣਾ ਖੱਟੇਗਾ।
ਕਹਿੰਦੇ ਹਨ ਪੰਡਤ ਜੀ ਦੇ ਸੁਰਗਵਾਸ ਹੋਣ ਤੇ ਉਹਨਾਂ ਦੇ ਕੁੱਤੇ ਮਧੂ ਨੇ ਬੜਾ ਅਫਸੋਸ ਮਨਾਇਆ । ਕੁੱਤਾ ਮਹਿਸੂਸ ਵੀ ਕਿਉਂ ਨਾ ਕਰਦਾ । ਪੰਡਤ ਜੀ ਉਸ ਨੂੰ ਬੜਾ ਹੀ ਪਿਆਰ ਕਰਦੇ ਸਨ ਤੇ ਬਾਲ ਤੇ ਪਸ਼ੂ ਹੁੰਦੇ ਹੀ ਭੁੱਖੇ ਪ੍ਰੀਤ ਦੇ ਹਨ।
ਲਾਭ ਉਠਾਉਣ ਦਾ ਇਹ ਕਿਹੜਾ ਰਾਹ ਹੈ ? ਅਖੇ 'ਬਾਲ ਦਾ ਪੱਜ, ਤੇ ਮਾਂ ਦਾ ਰੱਜ'। ਨਾਂ ਲੈਣਾ ਹੋਰਨਾਂ ਦਾ ਤੇ ਖਾਣਾ ਆਪ ।
ਬੜਾ ਅਨ੍ਹੇਰ ਹੋਇਆ, ਰੱਖੀ ਮਰ ਗਈ। ਵਿਚਾਰੀ ਦਾ ਦੁੱਧ ਪੀਂਦਾ ਬਾਲ ਕੁੱਛੜ ਸੀ । ਰੱਬ ਕਰੇ 'ਬਾਲ ਦੀ ਮਾਂ ਨਾ ਮਰੇ ਬੁੱਢੇ ਦੀ ਜੋਰੂ' ਦੋਹਾਂ ਲਈ ਵਖ਼ਤ ਹੀ ਹੈ।
ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਭੀ ਫੁਲਹਿਰਾਂ ਤੇ ਪੇੜਿਆਂ ਦੀਆਂ ਟੋਕਰੀਆਂ ਤੇ ਸ਼ਰਬਤਾਂ ਦੇ ਘੜਿਆਂ ਨੂੰ ਹੱਥ ਫੇਰੇ ਹੋਣ, ਉਹ ਮੁਸ਼ੱਕਤ ਤੇ ਭੁੱਖ ਦੇ ਦੁੱਖ ਨੂੰ ਕੀ ਜਾਣਨ ? ਸੱਚ ਹੈ 'ਬਾਂਝ ਕੀ ਜਾਣੈ ਪ੍ਰਸੂਤ ਦੀ ਪੀੜ'।
ਲੋਹੇ ਦੇ ਕੰਟਰੋਲ ਤੇ ਸਕੈਂਡਲ ਦੀ ਜ਼ਿੰਮੇਵਾਰੀ ਤਾਂ ਐਡਵਾਇਜ਼ਰੀ ਬੋਰਡ ਦੇ ਸਿਰ ਹੈ । ਪਰ ਉਹ ਬਾਂਦਰ ਦੀ ਬਲਾ ਤਵੇਲੇ ਦੇ ਸਿਰ ਸੁੱਟਣ ਵਾਂਗ ਕਲਰਕਾਂ ਤੇ ਹੋਰ ਅਫ਼ਸਰਾਂ ਦੇ ਸਿਰ ਸੁੱਟਦੇ ਫਿਰਦੇ ਹਨ।
ਤੁਸੀਂ ਉਸ ਨੂੰ ਟਰਾਂਜਿਸਟਰ ਤਾਂ ਦਿੱਤਾ, ਪਰ ਉਸ ਨੂੰ ਕੀ ਪਤਾ ਕਿ ਇਹ ਚੀਜ਼ ਕੀ ਏ । ਬਾਂਦਰ ਨੂੰ ਅਧਰਕ ਦਾ ਅਚਾਰ ਵਾਲੀ ਗੱਲ ਹੈ ਇਹ ਤਾਂ।