ਅਸੀਂ ਸਾਰੇ ਸਿਆਣੇ ਬਣੀ ਫਿਰਦੇ ਹਾਂ ਪਰ ਉਸਦੀ ਪਰਖ ਨਾ ਕਰ ਸਕੇ। ਵਾਹ ਜੋ ਨਹੀਂ ਸੀ ਪਿਆ । ਸਿਆਣਿਆਂ ਨੇ ਇਸੇ ਲਈ ਕਿਹਾ ਹੈ ਕਿ 'ਮਨੁਖ ਪਰਖੀਏ ਵਸ ਪਿਆ, ਸੋਨਾ ਪਰਖੀਏ ਕਸ ਪਿਆ'।
ਮਿੱਤ੍ਰਾ, ਪਰੇਸ਼ਾਨ ਨਾ ਹੋ। ਹਿੰਮਤ ਕਰ, ਰੋਟੀ ਜ਼ਰੂਰ ਕਮਾ ਖਾਏਂਗਾ, ਅਖੇ 'ਮਨੁੱਖ ਮੰਗੇ ਆਟਾ, ਉਸ ਨੂੰ ਆਟੇ ਦਾ ਕੀ ਘਾਟਾ '?
ਮਾਮਾ - ਨੱਥੂ ਬੜਾ ਆਲਸੀ ਮੁੰਡਾ ਹੈ, ਉਹ ਕਿਸੇ ਨਾ ਕਿਸੇ ਬਹਾਨੇ ਗੱਲ ਨੂੰ ਸਿਰੇ ਨਹੀਂ ਚਾੜ੍ਹਦਾ ਤੇ ਚੀਕਦਾ ਰਹਿੰਦਾ ਹੈ। ਉਸ ਦੀ ਤਾਂ ਉਹ ਗੱਲ ਹੈ ਅਖੇ ‘ਮਰ ਗਈ ਗੁੱਡੀ ਪਟੋਲਿਆਂ ਖੁਣੋਂ।'
ਅੱਜ ਕੱਲ੍ਹ ਖੁਰਾਕਾਂ ਨਹੀਂ ਰਹੀਆਂ ਤੇ ਨਸਲ ਨਿਤਾਣੀ ਹੋ ਰਹੀ ਹੈ। 'ਮਰਦ ਤੇ ਘੋੜੇ ਨਾ ਹੋਵਨ ਬੁੱਢੇ ਜੇ ਮਿਲਣ ਖੁਰਾਕਾਂ" ਵਾਲੀ ਗੱਲ ਸਿਆਣਿਆਂ ਐਵੇਂ ਨਹੀਂ ਜੇ ਆਖੀ।
ਤੁਸਾਡੇ ਮਾਮਾ ਜੀ ਦੇ ਮਰਨ ਮਗਰੋਂ ਘਰ ਦੀ ਸਾਰੀ ਖੇਡ ਹੀ ਖ਼ਰਾਬ ਹੋ ਗਈ ਹੈ। ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ' ਉਹਦੇ ਨਾਲ ਹੀ ਜਾਂਦੀ ਹੈ।
ਉਸ ਵੱਲੋਂ ਹੋਰ ਕੋਈ ਚਾਰਾ ਹੀ ਨਹੀਂ ਸੀ। 'ਮਰਦਾ ਹਰ ਹਰ ਕਰਦਾ' ਦੇ ਅਖਾਣ ਅਨੁਸਾਰ ਉਸ ਨੂੰ ਲੜਕੀ ਦੀ ਗੱਲ ਮੰਨਣੀ ਹੀ ਪਈ।
ਮਰਦਾ ਕੀ ਨਹੀਂ ਕਰਦਾ ? ਨਵਾਬ ਖਾਨ ਨੇ ਕੌੜਾ ਘੁੱਟ ਭਰ ਕੇ ਇਹ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਰਹਿਨਨਾਮਾ ਲਿਖ ਕੇ ਦੇਣ ਨੂੰ ਤਿਆਰ ਹੋ ਪਿਆ ।
ਸਾਡਾ ਜਜਮਾਨ ਬੜਾ ਓਪਰਾ ਜਿਹਾ ਬੰਦਾ ਹੈ । ਥੋੜਾ ਜਿਹਾ ਪੈਸਾ ਪੁੱਤ ਦੇ ਵਿਆਹ ਤੇ ਲਾਇਆ ਪਰ ਕਹੇ ਇਸ ਵਿਆਹ ਨੇ ਹੇਠਾਂ ਲਾਹ ਸੁੱਟਿਆ ਹੈ। ਉਸਦਾ ਤਾਂ ਇਹ ਹਾਲ ਹੈ ਕਿ ਅਖੇ “ਮਰਦੀ ਦੇ ਮੂੰਹ ਘਿਉ ਲਾਇਆ, ਮੇਰੀ ਘਿਉ ਖਾਂਦੜੀ ਮੋਈ।"
ਜੀਜਾ ਜੀ ! ਰਾਮੋ ਦੇ ਚੋਹਲਾਂ ਤੋਂ ਘਬਰਾਉਣਾ ਨਹੀਂ ਇਹ ਨਿੱਕੇ ਹੁੰਦਿਆਂ ਤੋਂ ਹੀ ਬਲਾ ਏ । ਇਸ ਨੇ ਨਖਰਿਆਂ ਤੋਂ ਮਰਦੇ ਦਮ ਤਕ ਨਹੀਂ ਜੇ ਟਲਣਾ । ਇਸਦਾ ਤਾਂ ਅਖੇ 'ਮਰਦੀ ਮਰ ਗਈ ਪਰ ਚੋਚਲਿਆਂ ਤੋਂ ਨਾ ਰਹੀ' ਵਾਲਾ ਹਾਲ ਹੈ।
ਅਖੇ 'ਮਰਨ ਲਗੀ ਤੇ ਸ਼ੁਕਰ ਸਾਹਮਣਾ' ਇਸ ਵੇਲੇ ਮੈਂ ਵਿਲੂੰ ਵਿਲੂੰ ਕਰਦੇ ਬੱਚਿਆਂ ਦਾ ਢਿੱਡ ਭਰਾਂ, ਕਿ ਇਹ ਵੇਖਾਂ ਲੋਕੀ ਮੇਰੇ ਕੰਮ ਨੂੰ ਸਲਾਹੁੰਦੇ ਹਨ ਕਿ ਨਹੀਂ।
ਸੂਬੇਦਾਰ—ਜਵਾਨੋ, ਦੇਸ਼ ਦਾ ਪਿਆਰ ਤੁਸਾਡੇ ਪਾਸੋਂ ਬੜੀ ਕੁਰਬਾਨੀ ਮੰਗਦਾ ਹੈ । ਐਸ ਵੇਲੇ ਦੇ ‘ਮਰੇ ਤਾਂ ਸ਼ਹੀਦ, ਮਾਰੇ ਤਾ ਗ਼ਾਜ਼ੀ' ਬਣਾਂਗੇ। ਖੂਬ ਟੁੱਟਕੇ ਵੈਰੀ ਦਾ ਟਾਕਰਾ ਕਰਨਾ ।
ਮੇਰਾ ਮਨ ਤੇਰੇ ਹੀ ਵੱਸ ਹੈ, ਹੋਰ ਕਿਸੇ ਦੇ ਨਹੀਂ । ਜੇਕਰ ਤੂੰ ਇਸ ਵਿੱਚ ਕੁਝ ਸ਼ੱਕ ਕਰਦੀ ਹੈਂ ਤਾਂ ਮਾਨੋ ਕਾਮਦੇਵ ਦੇ ਬਾਣਾਂ ਕਰਕੇ ਮੈਂ ਮਾਰੇ ਹੋਇ ਨੂੰ ਫਿਰ ਕੀ ਮਾਰਨੀ ਹੈਂ ?