ਪਹਿਲਾਂ ਸੰਜਮ ਕਰਨਾ ਸੀ। ‘ਪਹਿਲਾਂ ਖੁੱਲ੍ਹੀ ਆਟਾ ਪਾਵਾਂ, ਪਿੱਛੋਂ ਹੱਟੀ ਫਿਰਾਂ ਭਰਾਵਾਂ"। ਹੁਣ ਮੰਗਦੀ ਫਿਰ ਬੂਹੇ ਬੂਹੇ । ਮੈਂ ਕੀ ਕਰਾਂ ?
ਜਵਾਨ-ਬਾਬਾ ਜੀ ! ਇਹ ਠੀਕ ਹੈ ਕਿ 'ਪਹਿਲਾਂ ਪਕੇ, ਪਹਿਲਾਂ ਗਲੇ। ਪਰ ਮੌਤ ਕੋਈ ਪੁੱਛ ਕੇ ਥੋੜਾ ਹੀ ਆਉਂਦੀ ਹੈ ?
ਮਾਈ- ਨੀ ਗੁਲਾਬੋ ! ਕੁਝ ਹੋਸ਼ ਟਿਕਾਣੇ ਈ ? ਮੁੰਡਾ ਮਸੀਂ ਪੜ੍ਹਨੇ ਪਿਆ ਏ ਤੂੰ ਤਸੀਲਦਾਰੀ ਮੰਗਦੀ ਏਂ ਅਖੇ ‘ਪਹਿਲਾਂ ਪੂਤ, ਪਛੇਰੀ ਮਾਈ'।
ਸਤਿਗੁਰ ਜੀ-ਸਿੱਖੀ ਮਾਰਗ ਤੇ ਚੱਲਣਾ ਮਨ ਨੂੰ ਮਾਰਨਾ ਹੈ । 'ਪਹਿਲਾਂ ਮਰਣ ਕਬੂਲਿ ਜੀਵਣ ਕੀ ਛਡਿ ਆਸ ॥ ਹੋ ਸਭਨਾ ਕੀ ਰੇਣਕਾ ਤਉ ਆਉ ਹਮਾਰੇ ਪਾਸ ॥
ਜਵਾਨਾ, ਪਹਿਲ ਕਰਨ ਦੇ ਬੜੇ ਲਾਭ ਨੇ। 'ਪਹਿਲਾਂ ਮਾਰੇ ਸੋ ਮੀਰੀ, ਪਿੱਛੋਂ ਮਾਰੇ ਤਾਂ ਕੀੜੀ'।
ਸੱਚ ਹੈ, ਪਹਿਲਾਂ ਯੋਗ ਪਿੱਛੋਂ ਭੋਗ' ਪਹਿਲਾਂ ਔਕੜਾਂ ਸਹਾਰਨੀਆਂ ਹੀ ਪੈਂਦੀਆਂ ਹਨ ਤਦੇ ਫਿਰ ਅਨੰਦ ਮਾਣੀਦਾ ਹੈ।
ਠੀਕ ਹੈ, ਭਾਈ ਠੀਕ ਹੈ । 'ਪਹਿਲਾ ਸ਼ਾਹ ਤੇ ਪਿੱਛੋਂ ਬਾਦਸ਼ਾਹ' ਨਿਤ ਵਾਹ ਤਾਂ ਸ਼ਾਹ ਨਾਲ ਹੀ ਪੈਣਾ ਹੋਇਆ ਨਾ।
ਬਈ ਦੁਨੀਆਂ ਵਿੱਚ ਜਿਸਦੀ ਫੂਕ ਪਹਿਲਾਂ ਵੱਜ ਜਾਏ, ਉਸੇ ਦੀ ਜਿੱਤ ਹੁੰਦੀ ਹੈ। “ਪਹਿਲੇ ਸੋ ਪਹਿਲੇ, ਪਿੱਛੇ ਸੋ ਪਿੱਛੇ' ਸੁਸਤੀ ਮਨੁੱਖ ਦਾ ਕੁਝ ਨਹੀਂ ਸੌਰਨ ਦੇਂਦੀ।
ਹਜ਼ੂਰ, ‘ਪਹਿਲੇ ਪੇਟਾ, ਪਿੱਛੋਂ ਬੇਟਾ'। ਪਹਿਲਾਂ ਆਪਣੇ ਰਾਜ ਦਾ ਸੁਖ ਵੀਚਾਰੋ ਤੇ ਫਿਰ ਦੂਜਿਆਂ ਦਾ ਕੰਮ ਸਵਾਰੋ ।
ਨਿਧਾਨ ਸਿੰਘ -ਭਰਾ, ਕਰਜ਼ਾ ਚੁੱਕਣਾ ਹੀ ਮਾੜਾ ਕੰਮ ਸੀ। ਸਿਆਣਿਆਂ ਨੇ ਸੱਚ ਕਿਹਾ ਹੈ ਅਖੇ 'ਪਹਿਲੋਂ ਉਧਾਰ, ਪਿੱਛੋਂ ਖੁਆਰ' ਹੁਣ ਧੀਰਜ ਤੋਂ ਕੰਮ ਲਵੋ।
ਜੱਟ-ਸ਼ਾਹ, ਔਖਾ ਕਿਉਂ ਹੁੰਨਾ ਏਂ । ਖੇਤੀ ਪੱਕੀ ਖੜੋਤੀ ਹੈ, ਵਾਢੀ ਕਰਨ ਵਾਲਾ ਹਾਂ। ਅਖੇ 'ਪੱਕੀ ਖੇਤੀ ਲਾਏ ਲਾਵੇ, ਜੱਟ ਕਰੇ ਬਾਦਸ਼ਾਹੀ ਦੇ ਦਾਵੇ । ਫਿਰ ਤੇਰਾ ਸਭ ਪੈਸਾ ਮੁਕਾ ਦੇਣਾ ਹੈ।
ਲਗਦਾ ਤਾਂ ਹੈ ਕਿ ਕੰਮ ਬਣ ਜਾਏਗਾ, ਪਰ ਅੱਗੋਂ ਕੀ ਪਤਾ ? 'ਪੱਕੀ ਖੇਤੀ ਵੇਖਕੇ ਕਿਉਂ ਭੁਲਾ ਕਿਰਸਾਨ ? ਝਖੜ ਝੋਲਾ ਬਹੁਤ ਹੈ ਘਰ ਆਵੇ ਤਾਂ ਜਾਨ'।