ਭਾਈ ਜੀ ! ਜਿਸਦੇ ਪਾਸ ਕੁਝ ਨਹੀਂ ਉਸ ਨੂੰ ਡਰ ਕਾਹਦਾ ? ਅਖੇ 'ਨੰਗਾ ਮੁੰਡਾ ਚੋਰਾਂ ਵਿੱਚ ਖੇਡੇ ।'
ਉਸ ਯਤੀਮ ਨਾਲ ਮੱਥਾ ਕਿਉਂ ਲਾਉਂਦੇ ਹੋ ? ਅਖੇ ‘ਨੰਗਾ ਰੜੇ ਆਕੀ' ਉਸ ਨੂੰ ਕੀ ਡਰ ਹੈ ਤੁਹਾਡੀ ਪੱਤ ਹੀ ਲਹੇਗੀ।
ਤੁਸੀਂ ਆਪ ਹੀ ਸੋਚੋ ! ਏਨੇ ਥੋੜੇ ਵਿਚ 'ਨੰਗੀ ਨਹਾਏਗੀ ਕੀ ਤੇ ਨਿਚੋੜੇਗੀ ਕੀ ? ਆਪ ਖਾਵਾਂ ਕਿ ਲੋਕਾਂ ਨੂੰ ਵੰਡਾਂ ?
ਕੱਪੜੇ ਫਟੇ ਹੋਏ ਹੀ ਸਹੀ, ਹੋਣ ਤਾਂ ਸਹੀ । 'ਨੰਗੀ ਭਲੀ ਕਿ ਬੋਦਲੀ' ਨੰਗੇਜ ਤਾਂ ਢਕਣਾ ਹੀ ਹੋਇਆ।
ਭੁੱਖ ਚਮਕਦੀ ਹੀ ਨਹਾਣ ਨਾਲ ਹੈ। ਅਖੇ 'ਨਹਾਤਾ ਕਿਰਾੜ ਤੇ ਭੁੱਖਾ ਬਘਿਆੜ'।
ਗੱਲ ਨੂੰ ਠੰਢਾ ਹੋਣ ਦਿਓ ‘ਪਈ ਰਹੀ ਸੋ ਮੂਲੋਂ ਗਈ' ਹੌਲੀ ਹੌਲੀ ਸਾਰੇ ਭੁੱਲ ਜਾਣਗੇ।
ਓੜਕ ਦੀ ਗੱਲ ਹਾਕਮ ਨੇ ਹੁਕਮ ਦਿੱਤਾ ਕਿ ਜਲਾਦ ਨੂੰ ਬੁਲਾਓ ਤੇ ਇਸ ਬਾਲਕ ਨੂੰ ਅੱਧੇ ਅੱਧ ਕਰਕੇ ਦੋਹਾਂ ਦੀ ਝੋਲੀ ਪਾ ਦੇਵੋ ! ਇਹ ਕਹਾਵਤ ਬਹੁਤ ਪੁਰਾਣੀ ਪ੍ਰਸਿੱਧ ਹੈ ਕਿ 'ਪਏਗਾ ਝਗੜਾ ਤਾਂ ਚੁੱਕੇਗਾ ਅੱਧ'।
ਰਾਣੀ- ਮਹਾਰਾਜ, ਸ਼ੇਰਿ ਪੰਜਾਬ ਦੀ ਈਨ ਮੰਨ ਲੈਣ ਵਿਚ ਹੀ ਲਾਹਾ ਹੈ। 'ਪਹਾੜ ਨਾਲ ਟੱਕਰ ਲਾਇਆਂ ਸਿਰ ਹੀ ਭੱਜਦਾ ਹੈ' ਜੇ ਲੜਾਈ ਕਰੋਗੇ, ਤਦ ਤਬਾਹੀ ਹੀ ਹੋਵੇਗੀ।
ਇਹੋ ਕਾਰਨ ਹੈ, ਕਿ ਇਹਨਾਂ ਕੁਝ ਵਰ੍ਹਿਆਂ ਵਿੱਚ ਸਭ ਪਹਾੜੀਆਂ ਦੇ ਦਿਲਾਂ ਨੂੰ ਉਸਨੇ ਜਿੱਤ ਲਿਆ ਹੈ । ਪਹਾੜੀਏ ਜਿਨ੍ਹਾਂ ਬਾਬਤ ਕਹਾਵਤ ਹੈ । 'ਪਹਾੜੀ ਯਾਰ ਕਿਸਕੇ ਭਤ ਖਾਧਾ ਖਿਸਕੇ' ਬਾਬੂ ਸੁੰਦਰ ਦਾਸ ਦੇ ਇੱਕ ਇਸ਼ਾਰੇ ਉੱਤੇ ਜਾਨਾਂ ਲੜਾ ਦੇਣ ਨੂੰ ਤਿਆਰ ਹੋ ਜਾਂਦੇ ਹਨ।
ਭੈਣ- ਰਾਧਾ ਦਾ ਤਾਂ ਇਹੀ ਹਾਲ ਏ, ਅਖੇ 'ਪਹਿਨੀ ਤੇ ਸੱਠਾਂ ਦੀ ਜੋੜੀ, ਨਹੀਂ ਤਾਂ ਨੱਕੋਂ ਵੀ ਥੋੜੀ। ਉਹ ਮਾੜੀ ਮੋਟੀ ਚੀਜ਼ ਨੂੰ ਕਦੋਂ ਪਸਿੰਦ ਕਰਦੀ ਏ ?
ਕੰਡਕਟਰ ਸਾਹਿਬ ! ਤੁਸੀਂ ਪਿੱਛੋਂ ਆਇਆਂ ਨੂੰ ਪਹਿਲਾਂ ਥਾਂ ਦੇ ਰਹੇ ਹੋ। ਇਹ ਚੰਗੀ ਗੱਲ ਨਹੀਂ। ਚਾਹੀਦਾ ਤਾਂ ਇਹ ਹੈ ਕਿ 'ਪਹਿਲਾਂ ਆਇਆ ਸੋ ਪਾਇਆ' ਲਿਹਾਜ਼ ਵਾਲੀ ਗੱਲ ਨਹੀਂ ਚਾਹੀਦੀ।
ਕਿਸੇ ਤਰ੍ਹਾਂ ਪੈਸਾ ਬਣਾਇਆ ਜਾਵੇ ਝਟਾ ਪਟ ਆਪਣੇ ਲਈ ਤੇ ਸਾਰੇ ਕੰਗਾਲ ਸਮਾਜ ਨੂੰ ਧਨਾਢ ਕਰਨ ਦਿਆਂ। ਜੰਤਰਾਂ ਦਾ ਖਿਆਲ ਕੱਢ ਦਿਤਾ ਜਾਵੇ। 'ਪਹਿਲਾਂ ਆਪ ਤੇ ਪਿੱਛੋਂ ਬਾਪ।'