ਸ਼ਰਾਬ ਵਾਂਗੂੰ ਤਮਾਕੂ ਹੋਰੀਂ ਕਰਮ ਧਰਮ ਦਾ ਕੱਖ ਨਹੀਂ ਛਡਦੇ । 'ਮਾਰੇ ਝੂਠ ਜਾਂ ਮਾਰੇ ਜੂਠ।'
ਮਹਾਰਾਜ ! ਤੁਸਾਡੇ ਰਾਜਦੂਤ ਨੇ ਵੈਰੀ ਨੂੰ ਅਜੇਹੇ ਰਾਹ ਪਾਇਆ ਕਿ ਉਹ ਹੁਣ ਸ਼ਰਨ ਮੰਗਦਾ ਹੈ। ਉਨ੍ਹਾਂ ਨੇ ਇਹੀ ਸੋਚਿਆ ਕਿ ਮਾਰੇ ਨਾਲੋਂ ਪਦਾਇਆ ਚੰਗਾ' ਸੋ ਇਹ ਬਲਾ ਤਾਂ ਗਲੋਂ ਲੱਥੀ ਸਮਝੋ।
ਜਠੇਰੇ ਪੁੱਤ ਦੀ ਕੀ ਰੀਸ ਹੈ ? ਛੇਤੀ ਹੀ ਹਾਣੀ ਬਣ ਕੇ ਹੱਥ ਆ ਵਟਾਂਦਾ ਹੈ। ਸੱਚ ਹੈ, 'ਮਾਲ ਊਠ, ਘਰ ਕੋਠਾ, ਪੁੱਤਰ ਜੇਠਾ।'
ਇਹ ਕੋਈ ਨਵੀਂ ਗੱਲ ਤਾਂ ਨਹੀਂ। ਮਾਲ ਤੋਂ ਹੀ ਜਗਾਤ ਹੁੰਦੀ ਹੈ। ਪਰਵਾਰ ਜੂ ਵੱਡਾ ਹੋਇਆ । ਖ਼ਰਚ ਵੀ ਵੱਡੇ ਹੀ ਹੋਣੇ ਹੋਏ।
ਉਹ ਆਪਣੀ ਵਹੁਟੀ ਲੈ ਕੇ ਤਿੱਤਰ ਹੋਇਆ । ਅਸੀਂ ਵਿਚੋਲੇ ਮੂੰਹ ਵੇਖਦੇ ਹੀ ਰਹਿ ਗਏ । ਸੱਚ ਹੈ, 'ਮਾਲ ਮਾਲਾਂ ਤੇ ਖੇਹ ਦਲਾਲਾਂ।'
ਦੁੱਖ ਵਿੱਚ ਹੀ ਪਤਾ ਲਗਦਾ ਹੈ ਕਿ 'ਮਾਵਾਂ ਠੰਢੀਆਂ ਛਾਵਾਂ ਹਨ'। ਆਪ ਸਭ ਦੁੱਖ ਸਹਿ ਕੇ ਔਲਾਦ ਨੂੰ ਸੁੱਖ ਦੇਣਗੀਆਂ।
ਸ਼ਾਂਤੀ ਤੇ ਸ਼ਾਨ ਦਾ ਕੰਮ ਹੀ ਇਹੀ ਹੈ ਕਿ ਇਕ ਦੂਜੇ ਦੇ ਗੀਤ ਗਾਉਂਦੇ ਰਹਿਣਾ। ਉਨ੍ਹਾਂ ਦਾ ਤਾਂ ਇਹ ਹਾਲ ਹੈ ਕਿ 'ਮਾਵਾਂ ਧੀਆਂ ਭੱਤਾ ਰਿਧਾ, ਮਿੱਠਾ ਬੇਬੇ ਮਿੱਠਾ ਹੈ।'
ਹੁਣ ਰੱਲਾ ਤੇ ਉਸ ਦਾ ਬਾਰ੍ਹਾਂ ਵਰ੍ਹਿਆਂ ਦਾ ਮੁੰਡਾ ਦੁੱਲੇ ਨਾਲ ਖੇਤੀ ਕਰਵਾਂਦੇ । ਕੰਮ ਪਿਉ ਪੁੱਤ ਦੋਹਾਂ ਤੋਂ ਨਾ ਹੋ ਆਵੇ । 'ਮਾੜਾ ਕਾਮਾ ਬਲ਼ਦਾਂ ਦਾ ਖਊ' ਜਦੋਂ ਕੋਈ ਕੰਮ ਕਰਦਾ ਥੱਕ ਖਿਝ ਜਾਵੇ ਤਾਂ ਬਲਦਾਂ ਤੇ ਗੁੱਸਾ ਕੱਢੇ।
ਹੋਣਾ ਕੀ ਸੀ ਵਿਚਾਰਿਆਂ ਤੋਂ। ਕਿਹੜੀ ਉਹਨਾਂ ਨੇ ਇੱਕ ਦੂਜੇ ਦੀ ਲੱਤ ਤੋੜ ਦੇਣੀ ਸੀ ? 'ਮਾੜਾ ਮਾੜੀ ਲੜੇ ਤੇ ਚੀਕ ਚਿਹਾੜਾ ਪੜੇ' ਬੱਸ ਰੌਲਾ ਪਾ ਕੇ ਠੰਡੇ ਹੋ ਗਏ।
ਸ਼ਾਹ ! ਤੁਹਾਨੂੰ ਕੌਣ ਕੁਝ ਆਖ ਸਕਦਾ ਹੈ ? ਹਰ ਕੋਈ ਆਪਣੇ ਤੋਂ ਨੀਵਿਆਂ ਨੂੰ ਹੀ ਦਬਾਂਦਾ ਹੈ। 'ਮਾੜੀ ਧਾੜਾ ਚੰਮਾਰਾਂ ਉਤੇ' ਵਾਲੀ ਗੱਲ ਹੈ।
ਰੌਣਕ ਰਾਮ ਦੀ ਕੀ ਪੁਛਦੇ ਹੋ ? ਜਿਸ ਦਾ ਜੀ ਆਇਆ, ਗਰੀਬ ਨੂੰ ਕੰਮ ਲਾ ਲਿਆ। 'ਮਾੜੇ ਦੀ ਜੋਰੂ ਜਣੇ ਖਣੇ ਦੀ ਭਾਬੀ' ਹੁੰਦੀ ਹੀ ਹੈ।
ਜੀ, ਲੱਖ ਲਾਹਨਤ ਕਮਜ਼ੋਰਾਂ ਨੂੰ । ‘ਮਾੜੇ ਬੰਦੇ ਨੂੰ ਖੇਤੀ ਖਾ ਜਾਂਦੀ ਏ ਤੇ ਤਕੜਾ ਖੇਤੀ ਨੂੰ ਖਾਂਦਾ ਏ'। ਜੀਉਣਾ ਹੋਵੇ ਤਾਂ ਤਕੜੇ ਹੋਕੇ ਜੀਣਾ ਚਾਹੀਦਾ ਹੈ।