ਕਰਮਾਂ ਦੀ ਖੇਡ ਹੈ 'ਮਾਂ ਅੱਕ ਰੂੜੀ, ਪਿਉ ਤਾਂਦਲ, ਪੁੱਤਰ ਕੇਸਰ ਦੀ ਜੜ੍ਹ' ਕਿਹੇ ਘਟੀਆ ਘਰ ਵਿਚ ਕਿਹਾ ਵਧੀਆ ਪੁੱਤਰ ਜੰਮਿਆ।
ਅੰਮੀ ਜੀ ! ਗੱਲ ਤਾਂ ਸਾਰੀ ਹੋਂਦ ਦੀ ਹੈ। ਅਖੇ 'ਮਾਂ ਸਵਾਈ ਮਾਊ ਸੁਖ, ਧੀ ਸਵਾਈ ਧੀਊ ਸੁਖ ਜਿਸ ਪਾਸ ਧਨ ਹੈ ਓਹੀ ਸੁਖੀ ਹੈ ਭਾਵੇਂ ਕੋਈ ਹੋਵੇ।
ਨਿਰਮਲ- ਕ੍ਰਿਸ਼ਨਾ ! ਮੈਂ ਕਿਵੇਂ ਮਾਸੀ ਦੀ ਨਨਾਣ ਨੂੰ ਸਮਝਦੀ, ਨਾ ਕਦੇ ਮਿਲੀ ਨਾ ਗਿਲੀ ਓਪਰੀ ਪਛਾਣ ਕਿਸ ਕੰਮ ? ਅਖੇ ਮਾਂ ਹੱਥ ਕੂਲੇ ਨੇ, ਪੁੱਤ ਲਗਣ ਤੇ ਜਾਣੇ।
ਸਾਰੇ ਇੱਕੋ ਜਿਹੇ ਜਵਾਨ ਜਾਪਦੇ ਹਨ । ਕੀ ਪਤਾ ਲਗੇ, ਮਾਂਹ ਮੋਠਾਂ ਚੋਂ ਵੱਡਾ ਕੌਣ ਹੈ ?
ਅਸਾਂ ਸਮਝਿਆ ਧੀਆਂ ਪੁੱਤਰ ਹੋਣਗੇ ਤਾਂ ਸੁਖਾਲੇ ਹੋਵਾਂਗੇ । ਹੁਣ ਤਾਂ ਉਲਟਾ ਖਰਚ ਹੀ ਨਹੀਂ ਝੱਲਿਆ ਜਾਂਦਾ । ‘ਮਾਂ ਕਹੇ ਪੁੱਤ ਵੱਡਾ ਹੋਵੇ, ਉਮਰ ਘਟਦੀ ਜਾਵੇ' ਵਾਲੀ ਗੱਲ ਢੁਕਦੀ ਹੈ ਸਾਡੇ ਤੇ।
ਪ੍ਰੇਮੀ- ਉਹ ਬੜੀ ਸੋਹਲ ਏ। ਉਹਨੂੰ ਝਿੜਕ ਦਿਓ ਤੇ ਮੂੰਹ ਸੁੱਕ ਕੇ ਸਿੱਪੀ ਹੋ ਜਾਂਦਾ ਏ। ਕਹਿੰਦੇ ਨੇ ਮਾਂ ਕੁਚੱਜੀ ਤੇ ਪੁੱਤਾਂ ਧੀਆਂ ਕੱਜੀ । ਉਹਨੂੰ ਆਪਣਾ ਦੇਹ ਪ੍ਰਾਣ ਜਿੰਦ ਜਾਨ ਸਮਝ ਕੇ ਰੱਖੀਂ ਤੇ ਓਹ ਵੀ ਤੇਰੇ ਪੈਰ ਧੋ ਧੋ ਪੀਉ।
ਕਾਕੀ, ‘ਮਾਂ ਕੋਲੋਂ ਹੇਜਲੀ ਸੋ ਫਫੇਕੂਟਣ'। ਉਸਦਾ ਬਹੁਤ ਹੇਜ ਦੱਸਣਾ ਪਿਆਰ ਦੀ ਨਹੀਂ ਧੋਖੇ ਦੀ ਨਿਸ਼ਾਨੀ ਹੈ। ਮੇਰੇ ਕੋਲੋਂ ਤੈਨੂੰ ਹੋਰ ਕੌਣ ਵਧੀਕ ਪਿਆਰ ਕਰਦਾ ਹੋਵੇਗਾ।
ਤੂੰ ਮੱਦਦ ਕਿਸੇ ਦੀ ਕੀ ਕਰਨੀ ਏ। ਆਪ ਤਾਂ ਤੂੰ ਧੱਕੇ ਖਾਂਦਾ ਫਿਰਦਾ ਏ। ਤੇਰੀ ਤਾਂ ਉਹੋ ਗੱਲ ਏ, ਅਖੇ ਮਾਂ ਗੰਜੀ ਤੇ ਧੀ ਲੈ ਆਵੇ ਕੰਘੀ।
ਜਿਹਾ ਇੱਕ ਭਰਾ, ਤੇਹਾ ਦੂਜਾ । ਫ਼ਰਕ ਕੀ ਹੋਣਾ ਸੀ ? 'ਮਾਂ ਜੇਹੀ ਮਾਸੀ, ਕੰਧ ਐਰੇ ਤੇ ਜਾਸੀ' ਪੁੱਤਰ ਤਾਂ ਇਕੋ ਪਿਉ ਦੇ ਹਨ।
ਨਾ ਦੋਹਾਂ ਦਾ ਸੁਭਾ ਮਿਲਦਾ ਸੀ ਨਾ ਸ਼ਕਲ, ਅਕਲ, ਕੱਦ-ਕਾਠ। ਅਜੇਹੇ ਵਿਆਹ ਵਿੱਚੋਂ ਦੁੱਖ ਹੀ ਨਿਕਲਣਾ ਸੀ । ਅਖੇ ਮਾਂ ਟੀਹਣੀ, ਪਿਓ ਕੁਲੰਗ, ਬਚੇ ਨਿਕਲੇ ਰੰਗ ਬਰੰਗ'।
ਵੇਖੋ ਕਰਮਾਂ ਦੀ ਗਤੀ ਹੈ। 'ਮਾਂ ਟੁੰਡੀ, ਪਿਓ ਕਾਣਾ, ਪੁੱਤਰ ਮੋਤੀ ਦਾ ਦਾਣਾ'। ਨਹੀਂ ਤਾਂ ਅਜੇਹੀ ਨੇਕ ਔਲਾਦ ਇਨ੍ਹਾਂ ਕੁਪੱਤਿਆਂ ਦੇ ਘਰ ਕਿੱਥੋਂ ਹੋਣੀ ਸੀ ?
ਹਾਰ ਦੇਣ ਲੱਗਿਆਂ ਸ਼ਾਂਤੀ ਦੇ ਦਿਲ ਵਿਚ ਕੁਝ ਸੰਸਾ ਜਿਹਾ ਪਿਆ। ਹੱਥ ਉਸਦਾ ਰਤਾ ਕੁ ਕੰਬਿਆ ਪਰ ਝਟ ਹੀ ਖਿਆਲ ਆਇਆ। ਨਹੀਂ ਸੰਸੇ ਵਾਲੀ ਕੋਈ ਗੱਲ ਨਹੀਂ। ਮਾਂ ਡੈਣ ਹੋ ਵੀ ਜਾਵੇ ਤਾਂ ਕੀ ਬੱਚਿਆਂ ਨੂੰ ਖਾਣ ਲਗ ਪਏਗੀ ?